ਰਤਨ ਸਿੰਘ ਢਿੱਲੋਂ
ਅੰਬਾਲਾ, 25 ਨਵੰਬਰ
ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਅੱਜ ਅੰਬਾਲਾ ਸ਼ਹਿਰ ਦੇ ਸੈਕਟਰ-8 ਸਥਿਤ ਹੁੱਡਾ ਮੈਦਾਨ ਨੇੜੇ ਪੈਂਦੇ ਕਮਿਊਨਿਟੀ ਸੈਂਟਰ ਵਿੱਚ ‘ਦੇਸ਼ ਬਚਾਓ-ਸੰਵਿਧਾਨ ਬਚਾਓ-ਕਿਸਾਨ ਮਜ਼ਦੂਰ ਬਚਾਓ’ ਸੰਮੇਲਨ ਕੀਤਾ ਗਿਆ, ਜਿਸ ਵਿੱਚ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਅਤੇ ਹੋਰ ਕਈ ਆਗੂ ਸ਼ਾਮਲ ਹੋਏ। ਦੁਪਹਿਰ ਇਕ ਵਜੇ ਦੇ ਕਰੀਬ ਸ੍ਰੀ ਚੜੂਨੀ ਖ਼ੁਦ ਟਰੈਕਟਰ ਚਲਾ ਕੇ ਸੰਮੇਲਨ ਵਿੱਚ ਪੁੱਜੇ ਜਿੱਥੇ ਕਿਸਾਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸੰਮੇਲਨ ਦੀ ਸ਼ੁਰੂਆਤ ਬਾਬਾ ਭੀਮ ਰਾਓ ਅੰਬੇਡਕਰ ਅਤੇ ਸਰ ਛੋਟੂ ਰਾਮ ਦੀ ਤਸਵੀਰ ਅੱਗੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਸ੍ਰੀ ਚੜੂਨੀ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਐੱਮਐੱਸਪੀ ਅਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਸਮੇਤ ਹੋਰ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਸ੍ਰੀ ਚੜੂਨੀ ਨੇ ਕਿਹਾ ਕਿ ‘ਮਿਸ਼ਨ ਪੰਜਾਬ 2022’ ਜਾਰੀ ਹੈ ਅਤੇ ਉਹ ਆਪਣੀ ਰਾਜਨੀਤਕ ਪਾਰਟੀ ਬਣਾ ਕੇ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜ ਕੇ ਇੱਕ ਮਾਡਲ ਪੇਸ਼ ਕਰਨਗੇ। ਇਸ ਲਈ ਉਹ ਪੰਜਾਬ ਵਿੱਚ ਪ੍ਰਚਾਰ ਕਰਨ ਵੀ ਜਾਣਗੇ।
ਕਿਸਾਨ-ਮਜ਼ਦੂਰ ਆਗੂ ਕਾਂਤਾ ਆਲੜੀਆ ਨੇ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋ ਕੇ ਉਨ੍ਹਾਂ ਦੀ ਸਿਆਸੀ ਪਾਰਟੀ ਸਾਰੇ ਦੇਸ਼ ਵਿੱਚ ਫੈਲੇਗੀ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਬੈਠੇ ਕਿਸਾਨ ਆਗੂ ਜੋ ਵੀ ਫ਼ੈਸਲਾ ਕਰਨਗੇ, ਉਸ ’ਤੇ ਅਮਲ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।