ਰਤਨ ਸਿੰਘ ਢਿੱਲੋਂ
ਅੰਬਾਲਾ, 24 ਮਾਰਚ
ਇਥੇ ਜੀਟੀ ਰੋਡ ’ਤੇ ਕਿੰਗ ਫਿਸ਼ਰ ਸੈਰ ਸਪਾਟਾ ਕੇਂਦਰ ਲਾਗੇ ਟਰੱਕ ਵੱਲੋਂ ਐਕਟਿਵਾ ਨੂੰ ਟੱਕਰ ਮਾਰਨ ਕਰ ਕੇ ਐਕਟਿਵਾ ਸਵਾਰ ਸੁਖਵਿੰਦਰ ਕੌਰ (40) ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਪਤੀ ਰਾਜਿੰਦਰ ਸਿੰਘ ਜ਼ਖ਼ਮੀ ਹੋ ਗਿਆ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਰਾਜਿੰਦਰ ਸਿੰਘ (44) ਨਿਵਾਸੀ ਜੜੋਲੀਆ ਥਾਣਾ ਰਾਜਪੁਰਾ ਜ਼ਿਲ੍ਹਾ ਪਟਿਆਲਾ ਨੇ ਕਿਹਾ ਕਿ ਬੀਤੇ ਦਿਨ ਉਹ ਆਪਣੀ ਪਤਨੀ ਦੇ ਨਾਲ ਸਰਸੇਹੜੀ ਪਿੰਡ ਵਿੱਚ ਸਾਲੀ ਨੂੰ ਮਿਲਣ ਜਾ ਰਿਹਾ ਸੀ। ਜਦੋਂ ਉਹ ਕਿੰਗ ਫਿਸ਼ਰ ਕੋਲ ਪਹੁੰਚੇ ਤਾਂ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਸੜਕ ’ਤੇ ਡਿੱਗਣ ਕਰਕੇ ਟਰੱਕ ਦਾ ਟਾਇਰ ਉਸ ਦੀ ਪਤਨੀ ਦੇ ਉੱਤੋਂ ਲੰਘ ਗਿਆ ਜਦੋਂ ਕਿ ਉਹ ਖੁਦ ਵੀ ਜ਼ਖ਼ਮੀ ਹੋ ਗਿਆ। ਸਿਵਲ ਹਸਪਤਾਲ ਅੰਬਾਲਾ ਛਾਉਣੀ ਲਿਆਉਣ ’ਤੇ ਡਾਕਟਰਾਂ ਨੇ ਸੁਖਵਿੰਦਰ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ।
ਕਰੰਟ ਲੱਗਣ ਕਾਰਨ ਰਾਜ ਮਿਸਤਰੀ ਦੀ ਮੌਤ; ਮਜ਼ਦੂਰ ਝੁਲਸਿਆ: ਮੁਲਾਣਾ ਦੇ ਸੀਰਸਗੜ੍ਹ ਸਥਿਤ ਪੈਟਰੋਲ ਪੰਪ ਦੇ ਕੋਲ ਦੁਕਾਨਾਂ ਦਾ ਨਿਰਮਾਣ ਕਰਦੇ ਸਮੇਂ ਦੋ ਕਿਰਤੀ 11 ਕੇਵੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਾਣਾ ਨਿਵਾਸੀ ਨਵੀਨ ਚੰਦ ਦੁਕਾਨਾਂ ਦਾ ਨਿਰਮਾਣ ਕਰਵਾ ਰਿਹਾ ਹੈ ਜਿਥੇ ਰਾਜ ਮਿਸਤਰੀ ਕਰਨੈਲ ਸਿੰਘ ਅਤੇ ਮਜ਼ਦੂਰ ਜੈ ਕੁਮਾਰ ਨਿਵਾਸੀ ਸੀਰਸਗੜ੍ਹ ਕੰਮ ਕਰ ਰਹੇ ਸਨ। ਇਸ ਦੌਰਾਨ ਪਿੱਲਰ ਲਈ ਸਰੀਏ ਖੜ੍ਹੇ ਕਰਦਿਆਂ ਦੋਹਾਂ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਏ। ਇਲਾਜ ਲਈ ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਰਾਜ ਮਿਸਤਰੀ ਕਰਨੈਲ ਸਿੰਘ ਦੀ ਮੌਤ ਹੋ ਗਈ ਅਤੇ ਜੈ ਚੰਦ ਇਲਾਜ ਅਧੀਨ ਹੈ। ਪੁਲੀਸ ਨੇ ਅਜੇ ਮਾਮਲਾ ਦਰਜ ਨਹੀਂ ਕੀਤਾ ਤੇ ਹਾਦਸੇ ਦੀ ਜਾਂਚ ਜਾਰੀ ਹੈ।