ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਸਤੰਬਰ
ਸਾਬਕਾ ਮੁੱਖ ਮੰਤਰੀ ਤੇ ਇਨੈਲੋ ਸੁਪਰੀਮੋ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਲਾਡਵਾ ਰੋਡ ਸਥਿਤ ਇੱਕ ਨਿੱਜੀ ਪੈਲੇਸ ਵਿਚ ਪਾਰਟੀ ਕਾਰਕੁਨਾਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ 3210 ਨੌਕਰੀਆਂ ਦੇਣ ਪਿੱਛੇ ਉਨ੍ਹਾਂ ਨੂੰ 10 ਸਾਲ ਲਈ ਜੇਲ੍ਹ ਭੇਜਿਆ ਗਿਆ ਸੀ ਪਰ ਇਸ ਵਾਰ ਜੇਕਰ ਸੂਬੇ ਵਿਚ ਇਨੈਲੋ ਦੀ ਸਰਕਾਰ ਬਣੀ ਤਾਂ ਉਹ ਹਰ ਘਰ ਵਿਚ ਸਰਕਾਰੀ ਨੌਕਰੀ ਦੇਣਗੇ ਚਾਹੇ ਇਸ ਲਈ ਉਨ੍ਹਾਂ ਨੂੰ ਫਾਂਸੀ ’ਤੇ ਵੀ ਚੜ੍ਹਨਾ ਪਵੇ।
ਉਨ੍ਹਾਂ ਨੇ ਵਰਕਰਾਂ ਨੂੰ ਕਿਹਾ ਕਿ ਉਹ ਸੱਤਾ ਦਾ ਲਾਲਚ ਛੱਡ ਕੇ ਪਾਰਟੀ ਨੂੰ ਮਜ਼ਬੂਤ ਕਰਨ ਜੇਕਰ ਪਾਰਟੀ ਮਜ਼ਬੂਤ ਹੋਵੇਗੀ ਤਾਂ ਸੱਤਾ ਖੁਦ ਮਿਲ ਜਾਵੇਗੀ। ਚੌਟਾਲਾ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਲੰਮੇ ਹੱਥੀਂ ਲੈਂਦਿਆ ਕਿਹਾ ਕਿ ਉਹ ਭੰਡੀ ਪ੍ਰਚਾਰ ਕਰਦੇ ਸੀ ਕਿ ਚੌਟਾਲਾ ਦਾ ਜੀਵਨ ਤਾਂ ਹੁਣ ਜੇਲ੍ਹ ਵਿੱਚ ਹੀ ਬੀਤ ਜਾਏਗਾ ਤੇ ਇਨੈਲੋ ਦਾ ਵਜੂਦ ਵੀ ਖਤਮ ਹੋ ਜਾਏਗਾ, ਪਰ ਪਾਰਟੀ ਉਨ੍ਹਾਂ ਦੀ ਗੈਰ ਮੌਜੂਦਗੀ ਵਿਚ ਹੋਰ ਮਜ਼ਬੂਤ ਹੋਈ। ਉਨ੍ਹਾਂ ਕਿਹਾ ਕਿ ਪਾਰਟੀ ਇਸ ਵਾਰ ਵੀ ਪੰਚਾਇਤੀ ਚੋਣਾਂ ਆਪਣੇ ਚੋਣ ਨਿਸ਼ਾਨ ’ਤੇ ਲੜੇਗੀ।
ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਚੌਟਾਲਾ ਨੇ ਪਾਰਟੀ ਕਾਰਕੁਨਾਂ ਨੂੰ 25 ਸਤੰਬਰ ਨੂੰ ਚੌਧਰੀ ਦੇਵੀ ਲਾਲ ਦੇ ਜਨਮ ਦਿਵਸ ’ਤੇ ਹੋਣ ਵਾਲੀ ਰੈਲੀ ਵਿੱਚ ਪੁੱਜਣ ਦਾ ਸੱਦਾ ਦਿੱਤਾ। ਚੌਟਾਲਾ ਨੇ ਕਿਹਾ ਕਿ ਭਾਜਪਾ ਸਰਕਾਰ ਆਪਣੇ ਰਾਜਨੀਤਕ ਲਾਹੇ ਲਈ ਈਡੀ, ਸੀਬੀਆਈ ਦੀ ਦੁਰਵਰਤੋਂ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਛੱਡਕੇ ਗਏ ਇਨੈਲੋ ਆਗਆਂ ਨੂੰ ਦੁਬਾਰਾ ਪਾਰਟੀ ਵਿੱਚ ਸ਼ਾਮਲ ਕੀਤਾ ਜਾਏਗਾ।