ਪੱਤਰ ਪ੍ਰੇਰਕ
ਪੰਚਕੂਲਾ, 24 ਮਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੱਜ ਕਰਨਾਲ ਵਿੱਚ ਕਰਵਾਏ ਗਏ ਮਹਾਰਿਸ਼ੀ ਕਸ਼ਯਪ ਜੈਅੰਤੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਮਹਾਰਿਸ਼ੀ ਕਸ਼ਯਪ ਦੀ ਜੈਅੰਤੀ ਨੂੰ ਰਿਸਟ੍ਰਿਕਟਡ ਛੁੱਟੀਆਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਮਹਾਰਿਸ਼ੀ ਕਸ਼ਯਪ ਦੇ ਜੀਵਨ ’ਤੇ ਖੋਜ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਉਨ੍ਹਾਂ ਦੇ ਨਾਮ ਦੀ ਚੇਅਰ ਵੀ ਸਥਾਪਤ ਕੀਤੀ ਜਾਵੇਗੀ, ਜਿਸ ਲਈ ਇਸ ਸਾਲ ਯੂਨੀਵਰਸਿਟੀ ਨੂੰ 15 ਲੱਖ ਦੀ ਗਰਾਂਟ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਕਰਨਾਲ ਸੈਕਟਰ-14 ਦਾ ਚੌਕ ਤੇ ਜੁੰਡਲਾ ਸਰਕਾਰੀ ਕਾਲਜ ਦਾ ਨਾਂ ਮਹਾਰਿਸ਼ੀ ਕਸ਼ਯਪ ਦੇ ਨਾਂ ’ਤੇ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਹਰ ਸਾਲ ਸੂਬਾ ਪੱਧਰ ’ਤੇ ਸਮਾਗਮ ਕਰਵਾ ਕੇ ਜੈਅੰਤੀ ਮਨਾਈ ਜਾਵੇਗੀ। ਇਸ ਮੌਕੇ ਸ੍ਰੀ ਖੱਟੜ ਨੇ ਮਹਾਰਿਸ਼ੀ ਦੇ ਨਾਮ ’ਤੇ ਰੁਜ਼ਗਾਰ ਕੇਂਦਰ ਖੋਲ੍ਹਣ ਦਾ ਵੀ ਐਲਾਨ ਕੀਤਾ।