ਪੱਤਰ ਪ੍ਰੇਰਕ
ਫਰੀਦਾਬਾਦ, 30 ਅਕਤੂਬਰ
ਸੀਤਾ ਉਤਸਵ ਦੇ ਭਾਗੀਦਾਰਾਂ ਨੇ ਹੀਰੋ ਹੌਂਡਾ ਚੌਕ, ਗੁਰੂਗ੍ਰਾਮ ਦੇ ਨੇੜੇ, ਬਹਿਰਾਮਪੁਰ ਰੋਡ ਵਿਖੇ ਫੈਸ਼ਨ ਤੇ ਡਾਂਸ ਪ੍ਰੋਗਰਾਮਾਂ ਦਾ ਪ੍ਰਦਰਸ਼ਨ ਕੀਤਾ। ਹਰ ਕਲਾਕਾਰ ਦੀ ਪ੍ਰਤਿਭਾ ਦੂਜੇ ਨਾਲੋਂ ਵੱਧ ਸੀ। ਪ੍ਰਬੰਧਕਾਂ ਨੇ ਕੋਵਿਡ 19 ਦੇ ਮੱਦੇਨਜ਼ਰ ਸਮਾਗਮ ਦੇ ਦੂਜੇ ਦਿਨ ਦੇ ਅੰਤ ਵਿੱਚ ਤਿੰਨ ਦਿਨਾਂ ਸਮਾਗਮ ਦੀ ਸਮਾਪਤੀ ਕੀਤੀ। ਇਸ ਦੌਰਾਨ ਆਪੋ-ਆਪਣੇ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੀਆਂ ਮੋਹਰੀ ਔਰਤਾਂ ਨੂੰ ਵੀ ਇੱਥੇ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਨਵੀਨ ਧਮੀਜਾ ਨੇ ਦਿੱਤੀ।
ਸੋਹਨਾ ਦੇ ਵਿਧਾਇਕ ਸੰਜੇ ਸਿੰਘ ਤੇ ਨਿਤੇਂਦਰ ਸ਼੍ਰੀਵਾਸਤਵ ਨੇ ਇੰਡੀਅਨ ਟਾਸਕ ਫੋਰਸ ਦੇ ਸਹਿਯੋਗ ਨਾਲ ਸਾਂਝੇ ਤੌਰ ’ਤੇ ਕਰਵਾਏ ਗਏ ਸਮਾਗਮ ਦੇ ਸਮਾਪਤੀ ਸਮਾਰੋਹ ਦੀ ਸ਼ੋਭਾ ਵਧਾਈ। ਵਿਧਾਇਕ ਨੇ ਕਿਹਾ ਕਿ ਗੁਰੂਗ੍ਰਾਮ ਵਿੱਚ ਕੰਪਲੈਕਸ ਨੂੰ ਫਿਲਮ ਸਿਟੀ ਨੋਇਡਾ ਦੀ ਤਰਜ਼ ’ਤੇ ਵਿਕਸਤ ਕੀਤਾ ਗਿਆ ਹੈ। ਸੀਤਾ ਉਤਸਵ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਔਰਤਾਂ ਨੇ ਦੇਸ਼ ਤੇ ਦੁਨੀਆ ‘ਚ ਨਾਂਅ ਕਮਾਇਆ ਹੈ। ਇਹ ਸੀਤਾ ਉਤਸਵ ਉਨ੍ਹਾਂ ਦਾ ਸਨਮਾਨ ਕਰ ਰਿਹਾ ਹੈ ਤੇ ਉਨ੍ਹਾਂ ਦਾ ਮੁੱਲ ਵਧਾ ਰਿਹਾ ਹੈ। ਦੀਵਾਲੀ ਦੇ ਮੌਕੇ ’ਤੇ ਇਹ ਸਮਾਗਮ ਆਪਣੀ ਮਹੱਤਤਾ ਹੋਰ ਵੀ ਵਧਾ ਦਿੰਦਾ ਹੈ। ਕਿਉਂਕਿ ਭਗਵਾਨ ਰਾਮ 14 ਸਾਲ ਦਾ ਬਨਵਾਸ ਕੱਟ ਕੇ ਦੀਵਾਲੀ ’ਤੇ ਘਰ ਪਰਤੇ ਸਨ।