ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 31 ਜਨਵਰੀ
ਮਹੀਨੇ ਭਰ ਤੋਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗਦੀ ਲਸਾੜਾ ਡਰੇਨ ਟੁੱਟਣ ਕਰਕੇ ਅੱਜ ਹਰਿਆਣੇ ਦਾ ਸਰਹੱਦੀ ਪਿੰਡ ਜੋਗੇਵਾਲਾ ਬੁਰੀ ਤਰ੍ਹਾ ਡੁੱਬ ਗਿਆ। ਡਰੇਨ ਦੇ ਦੂਸ਼ਿਤ ਪਾਣੀ ’ਚ ਜੋਗੇਵਾਲਾ ਦੀਆਂ ਕਰੀਬ ਦੋ ਦਰਜਨ ਢਾਣੀਆਂ ਲਪੇਟ ਵਿਚ ਆਈਆਂ ਅਤੇ ਛੇ-ਸੱਤ ਸੌ ਏਕੜ ਸਰ੍ਹੋਂ ਅਤੇ ਕਣਕ ਦੀਆਂ ਫ਼ਸਲਾਂ ’ਚ ਚਾਰ ਤੋਂ ਪੰਜ ਫੁੱਟ ਤੱਕ ਪਾਣੀ ਭਰ ਗਿਆ ਹੈ। ਲਸਾੜਾ ਡਰੇਨ ’ਚ ਪੰਜਾਬ ਦੀ ਫੈਕਟਰੀਆਂ ਅਤੇ ਬਠਿੰਡਾ ਦੇ ਸੀਵਰੇਜ ਦਾ ਗੰਦਾ ਪਾਣੀ ਛੱਡਿਆ ਜਾਂਦਾ ਹੈ। ਹੈਰਾਨੀਜਨਕ ਤੱਥ ਹਨ ਕਿ ਬੀਤੀ 18 ਜਨਵਰੀ ਨੂੰ ਮੀਡੀਆ ’ਚ ਅਗਾਊਂ ਚਿਤਾਵਨੀ ਭਰੀਆਂ ਵੱਡੀਆਂ ਰਿਪੋਰਟਾਂ ਨਸ਼ਰ ਹੋਈਆਂ ਸਨ, ਇਸਦੇ ਬਾਵਜੂਦ ਡਰੇਨ ’ਚ ਲਗਾਤਾਰ ਵਧਦੇ ਪਾਣੀ ਬਾਰੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਬਠਿੰਡਾ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ। ਡਰੇਨ ਟੁੱਟਣ ਕਾਰਨ ਸਰਕਾਰੀ ਮਿਡਲ ਸਕੂਲ ਵਿੱਚ ਪਾਣੀ ਭਰ ਗਿਆ। ਲੂਡੂਮਵਾਲੀ- ਜੋਗੇਵਾਲਾ ਅਤੇ ਜੋਗੇਵਾਲਾ-ਡੱਬਵਾਲੀ ਸੜਕਾਂ ’ਤੇ ਦੋ-ਦੋ ਫੁੱਟ ਪਾਣੀ ਖੜ੍ਹਾ ਹੈ। ਪਿੰਡ ਜੋਗੇਵਾਲਾ ’ਚ ਕਰੋੜਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ। ਜੋਗੇਵਾਲਾ ਨੇੜੇ ਜਾਮ-ਅੰਮਿ੍ਰਤਸਰ ਐਕਸਪ੍ਰੈਸ ਹਾਈਵੇ ਦੇ ਨਿਰਮਾਣ ਕਾਰਜ ਨੂੰ ਕਾਫ਼ੀ ਨੁਕਸਾਨ ਪੁੱਜਿਆ ਹੈ। ਜਾਣਕਾਰੀ ਮੁਤਾਬਕ ਠੇਕੇਦਾਰ ਕੰਪਨੀ ਦਾ ਵੱਡਾ ਜਰਨੇਟਰ ਅਤੇ ਹੋਰ ਮਸ਼ੀਨਰੀ ਵੀ ਪਾਣੀ ’ਚ ਡੁੱਬ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਤਿੰਨ ਵਜੇ ਉਦੋਂ ਖੁਲਾਸਾ ਹੋਇਆ। ਜਦੋਂਕਿ ਡੱਬਵਾਲੀ ਪ੍ਰਸ਼ਾਸਨ ਦੇ ਕੋਲ ਸੂਚਨਾ ਪੁੱਜੀ। ਜੋਗੇਵਾਲਾ ਦੇ ਪਿੰਡ ਵਾਸੀ ਮਲਕੀਤ ਸਿੰਘ ਨੇ ਦੱਸਿਆ ਕਿ ਜੋਗੇਵਾਲਾ ’ਚ ਲਸਾੜਾ ਡਰੇਲ ਟੁੱਟਣ ਦੀ ਸੂਚਨਾ ਪੁੱਜੀ ਤਾਂ ਲੋਕਾਂ ਵਿੱਚ ਭਾਜੜ ਮੱਚ ਗਈ। ਪਿੰਡ ਦੇ ਵਾਹਰ-ਵਾਰ ਸਥਿਤ ਕਰੀਬ ਦੋ ਦਰਜਨ ਢਾਣੀਆਂ ਵੀ ਡੁੱਬ ਗਈਆਂ। ਢਾਣੀਆਂ ’ਚ ਘਰਾਂ ਵਿੱਚ ਬਹੁਗਿਣਤੀ ਸਾਮਾਨ ਖ਼ਰਾਬ ਹੋ ਗਿਆ।
ਸਿਰਸਾ ਦੇ ਡਿਪਟੀ ਕਮਿਸ਼ਨਰ ਅਨੀਸ਼ ਯਾਦਵ, ਐੱਸਡੀਐੱਮ ਰਾਜੇਸ਼ ਪੂਨੀਆ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਡਰੇਨ ’ਚ ਪਾਣੀ ਘਟਾਉਣ ਬਾਰੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨਾਲ ਰਾਬਤਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੰਨ੍ਹ ਨੂੰ ਬੰਦ ਕਰਨ ਲਈ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ’ਤੇ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।