ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 23 ਦਸੰਬਰ
ਬਾਬੈਨ ਬਲਾਕ ਦੇ ਪਿੰਡ ਰੁੜਕੀ ਵਿਚ ਪਿੰਡ ਦੇ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਰਕੇ ਪਿੰਡ ਦਾ ਟੋਭਾ ਓਵਰਫਲੋਅ ਹੋਣ ਨਾਲ ਘਰਾਂ ਦਾ ਗੰਦਾ ਪਾਣੀ ਟੋਭੇ ਦੇ ਨਾਲ ਲੱਗਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਜਾ ਰਿਹਾ ਹੈ। ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਜਿੰਮਾ ਪੰਚਾਇਤ ਦਾ ਹੈ, ਪਰ ਪੰਚਾਇਤ ਵਲੋਂ ਇਸ ਦਿਸ਼ਾ ਵਿਚ ਕੋਈ ਢੁਕਵਾਂ ਇੰਤਜਾਮ ਨਾ ਕਰਨ ਕਰਕੇ ਪੇਡੂੰਆਂ ਵਿਚ ਪੰਚਾਇਤ ਪ੍ਰਤੀ ਗੁੱਸਾ ਪਨਪ ਰਿਹਾ ਹੈ। ਪੇਡੂ ੰਸ਼ਮਸ਼ੇਰ ਸਿੰਘ, ਪਰਵਿੰਦਰ ਕੌਰ, ਰਣਜੀਤ ਕੌਰ, ਹਰਸ਼ਪ੍ਰੀਤ, ਗਗਨਦੀਪ ਸਿੰਘ, ਮਿੰਟੂ , ਨਰੇਂਦਰ ਸਿੰਘ, ਪਰਮਜੀਤ ਆਦਿ ਕਈ ਪਿੰਡ ਵਾਸੀਆਂ ਦਾ ਆਰੋਪ ਹੈ ਕਿ ਪਿੰਡ ਵਿਚ ਸੁਆਸਥ ਵਿਭਾਗ ਦਾ ਪੀਣ ਵਾਲੇ ਪਾਣੀ ਦਾ ਟਿਊਬਵੈੱਲ ਲੱਗਾ ਹੋਇਆ ਹੈ ਜੋ ਜਿਆਦਾ ਸਮੇਂ ਨਜਾਇਜ ਹੀ ਚਲਦਾ ਰਹਿੰਦਾ ਹੈ । ਇਸ ਤੋਂ ਇਲਾਵਾ ਲੋਕਾਂ ਦੇ ਘਰਾਂ ਵਿਚ ਲੱਗੀਆਂ ਟੂਟੀਆਂ ਵੀ ਜਿਆਦਾ ਸਮਾਂ ਬੇਕਾਰ ਚਲਣ ਕਾਰਨ ਪਾਣੀ ਨਾਲੀਆਂ ਵਿਚ ਚਲਦਾ ਰਹਿੰਦਾ ਹੈ। ਜਿਸ ਕਰਕੇ ਪਿੰਡ ਦਾ ਟੋਭਾ ਓਵਰ ਫਲੋਅ ਹੋ ਜਾਂਦਾ ਹੈ ਤੇ ਨਾਲ ਲੱਗਦੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਉਹ ਕਈ ਵਾਰ ਪੰਚਾਇਤ ਨੂੰ ਕਹਿ ਚੁੱਕੇ ਹਨ, ਪਰ ਕੋਈ ਹੱਲ ਨਹੀਂ ਹੋਇਆ। ਪਿੰਡ ਦੀ ਸਰਪੰਚ ਪੂਜਾ ਨੇ ਕਿਹਾ ਕਿ ਪੰਚਾਇਤ ਨੇ ਓਵਰਫਲੋਅ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਖੇਤੀ ਵਿਭਾਗ ਤੋਂ ਟੋਭੇ ਵਿਚ ਰਿਚਾਰਜ ਬੋਰ ਲਾਉਣ ਦੀ ਮੰਗ ਕੀਤੀ ਸੀ।