ਸਰਬਜੋਤ ਸਿੰਘ ਦੁੱਗਲ
ਕਰਨਾਲ, 29 ਅਪਰੈਲ
ਹਰਿਆਣਾ ਦੇ ਜ਼ਿਲ੍ਹੇ ਕਰਨਾਲ ਦੇ ਬਸਤਾੜਾ ਟੌਲ ਲਾਠੀਚਾਰਜ ਮਾਮਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਇਸ ਵਾਰ 36 ਕਿਸਾਨਾਂ ਕੋਲ ਮਾਣਹਾਨੀ ਕੇਸ ਦੇ ਵਾਰੰਟ ਪੁੱਜੇ ਹਨ ਜਿਸ ਕਾਰਨ ਕਿਸਾਨਾਂ ਵਿੱਚ ਰੋਸ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਰੋਸ ਪ੍ਰਦਰਸ਼ਨ ਦੀ ਰਣਨੀਤੀ ਬਣਾਈ ਸੀ ਪਰ ਪ੍ਰਸ਼ਾਸਨ ਵੱਲੋਂ ਮੀਟਿੰਗ ਦਾ ਸੱਦਾ ਮਿਲਣ ਮਗਰੋਂ ਚੜੂਨੀ ਤੇ ਹੋਰ ਕਿਸਾਨ ਆਗੂਆਂ ਨੇ ਡੀਸੀ ਅਨੀਸ਼ ਯਾਦਵ ਅਤੇ ਐੱਸਪੀ ਗੰਗਾਰਾਮ ਪੂਨੀਆ ਨਾਲ ਬੈਠਕ ਕੀਤੀ। ਬੈਠਕ ਵਿੱਚ ਕਿਸਾਨਾਂ ’ਤੇ ਦਰਜ ਕੀਤੇ ਗਏ ਮਾਣਹਾਨੀ ਦੇ ਕੇਸ ਬਾਰੇ ਚਰਚਾ ਹੋਈ। ਡੀਸੀ ਤੇ ਐਸਪੀ ਨਾਲ ਗੱਲਬਾਤ ਤੋਂ ਬਾਅਦ ਕਿਸਾਨ ਫਿਲਹਾਲ ਸ਼ਾਂਤ ਹੋ ਗਏ ਹਨ। ਕਿਸਾਨ ਆਗੂ ਗੁਰਲਾਲ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਮਾਮਲਾ ਜਲਦੀ ਨਬਿੇੜ ਲਿਆ ਜਾਵੇਗਾ।
ਸਕੱਤਰੇਤ ਵਿਚੋਂ ਡੀਸੀ ਤੇ ਐੱਸਪੀ ਨਾਲ ਗੱਲਬਾਤ ਤੋਂ ਬਾਅਦ ਚੜੂਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਕਿਸਾਨਾਂ ਖ਼ਿਲਾਫ਼ ਚਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜੋ ਵੀ ਸੰਘਰਸ਼ ਚੱਲਿਆ ਸੀ, ਉਸ ਦਾ ਰਾਜ਼ੀਨਾਮਾ ਸਰਕਾਰ ਦੇ ਫੈਸਲੇ ਮਗਰੋਂ ਹੀ ਹੋਇਆ ਸੀ। ਉਸ ਦੌਰਾਨ ਤੈਅ ਹੋਇਆ ਸੀ ਕਿ ਸਰਕਾਰ ਨੇ ਜਿੰਨੇ ਕੇਸ ਦਰਜ ਕੀਤੇ ਹੋਏ ਹਨ, ਉਨ੍ਹਾਂ ਨੂੰ ਵਾਪਸ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਬਸਤਾੜਾ ਟੌਲ ਪਲਾਜ਼ਾ ’ਤੇ ਲਾਠੀਚਾਰਜ ਹੋਇਆ ਸੀ ਅਤੇ ਘਟਨਾ ਦੀ ਜਾਂਚ ਹਾਈ ਕੋਰਟ ਦੇ ਸੇਵਾਮੁਕਤ ਜੱਜ ਤੋਂ ਕਰਵਾਈ ਗਈ ਸੀ। ਇਸ ਦੇ ਬਾਵਜੂਦ ਕੁਰੂਕਸ਼ੇਤਰ ਦੇ ਹਸਨਪੁਰ ਪਿੰਡ ਵਿੱਚ ਇੰਸਪੈਕਟਰ ਹਰਜਿੰਦਰ ਸਿੰਘ ਨੇ 36 ਕਿਸਾਨਾਂ ’ਤੇ ਇਕ ਕੇਸ ਦਰਜ ਕਰਵਾਇਆ ਹੈ। ਇਸ ਮਾਮਲੇ ਵਿੱਚ ਡੀਸੀ ਤੇ ਐੱਸਪੀ ਨੇ ਗੱਲਬਾਤ ਲਈ ਉਨ੍ਹਾਂ ਨੂੰ ਬੁਲਾਇਆ ਸੀ। ਉਨ੍ਹਾਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਇੰਸਪੈਕਟਰ ਨਾਲ ਗੱਲਬਾਤ ਕਰਣਗੇ। ਜਲਦੀ ਹੀ ਇਹ ਮਾਮਲਾ ਨਬਿੇੜ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ 28 ਅਗਸਤ 2021 ਨੂੰ ਕਰਨਾਲ ਸ਼ਹਿਰ ’ਚ ਸੀਐੱਮ ਮਨੋਹਰ ਲਾਲ ਦੀ ਪ੍ਰਧਾਨਗੀ ਵਿੱਚ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਸੀ। ਇਸ ਦੌਰਾਨ ਬਸਤਾੜਾ ਟੌਲ ’ਤੇ ਨਾਕਾ ਲੱਗਿਆ ਹੋਇਆ ਸੀ ਤੇ ਉੱਥੇ ਮੌਜੂਦ ਕਿਸਾਨ ਸ਼ਾਂਤੀਪੂਰਵਕ ਵਿਰੋਧ ਲਈ ਸ਼ਹਿਰ ਵਿੱਚ ਜਾਣਾ ਚਾਹੁੰਦੇ ਸਨ। ਪੁਲੀਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਹਾਈਵੇਅ ’ਤੇ ਜਾਮ ਲਗਾ ਦਿੱਤਾ ਸੀ।