ਨਿੱਜੀ ਪੱਤਰ ਪ੍ਰੇਰਕ
ਸਿਰਸਾ, 24 ਜੁਲਾਈ
ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰਜ਼ ਯੂਨੀਅਨ ਯੂਨਿਟ ਸਿਰਸਾ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਬਾਬੂ ਲਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦਾ ਮੁੱਦਾ ਐੱਸਡੀਓ ਮਾਧੋਸਿੰਘਾਣਾ ਦੀ ਧੱਕੇਸਾਹੀ, ਅਣਗਹਿਲੀ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕਰਨ ਤੇ ਆਉਣ ਵਾਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨਾ ਸੀ। ਐਕਸੀਅਨ ਸਿਟੀ ਸਿਰਸਾ ਦੇ ਖਿਲਾਫ਼ 23 ਜੁਲਾਈ ਨੂੰ ਦਿੱਤੇ ਜਾਣ ਵਾਲੇ ਧਰਨੇ ਅਤੇ 26 ਜੁਲਾਈ ਨੂੰ ਐਸਡੀਓ ਮਾਧੋਸਿੰਘਾਣਾ ਦੇ ਘਿਰਾਓ ਸਬੰਧੀ ਸਾਰੇ ਅਧਿਕਾਰੀਆਂ ਨੂੰ ਨੋਟਿਸ ਦਿੱਤੇ ਗਏ ਸਨ। ਨੋਟਿਸ ਮਿਲਣ ਤੋਂ ਬਾਅਦ ਐੱਸਡੀਓ ਮਾਧੋਸਿੰਘਾਣਾ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੀਤੇ ਗਏ ਦਫਤਰੀ ਹੁਕਮਾਂ ਵਿੱਚ ਆਪਣੀ ਮਨਮਾਨੀ ਕਰਕੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਯੂਨੀਅਨ ਨੂੰ ਪੱਤਰ ਲਿਖ ਕੇ ਅੰਦੋਲਨ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ ਅਤੇ ਅੰਦੋਲਨ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਇਸ ਧਮਕੀ ਦੇ ਵਿਰੋਧ ਵਿੱਚ ਅੱਜ ਯੂਨਿਟ ਦੀ ਮੀਟਿੰਗ ਹੋਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਐੱਸਡੀਓ ਮਾਧੋਸਿੰਘਾਣਾ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਦੇ, ਉਦੋਂ ਤੱਕ ਧਰਨਾ ਅਤੇ ਘਿਰਾਓ ਜਾਰੀ ਰਹੇਗਾ। ਘਿਰਾਓ ਦੇ ਨਾਲ-ਨਾਲ ਵੱਖ-ਵੱਖ ਥਾਵਾਂ ’ਤੇ ਐੱਸਡੀਓ ਦੇ ਪੁਤਲੇ ਵੀ ਫੂਕੇ ਜਾਣਗੇ। ਇਸ ਮੌਕੇ ਸਬ ਯੂਨਿਟ ਪ੍ਰਧਾਨ ਜਤਿੰਦਰ ਸਿੰਘ, ਮਨੋਜ ਕੁਮਾਰ, ਪੁਨੀਤ, ਅਵਿਨਾਸ ਕੰਬੋਜ ਹਾਜ਼ਰ ਸਨ।