ਪ੍ਰਭੂ ਦਿਆਲ
ਸਿਰਸਾ, 18 ਜਨਵਰੀ
ਇਥੋਂ ਦੇ ਡੱਬਵਾਲੀ ਰੋਡ ’ਤੇ ਸਥਿਤ ਇਕ ਹੱਡੀਆਂ ਦੇ ਡਾਕਟਰ ’ਤੇ ਇਲਾਜ ਵਿੱਚ ਕੁਤਾਹੀ ਕਰਨ ਦੇ ਦੋਸ਼ ਲਾਉਂਦੇ ਹੋਏ ਪਿੰਡ ਵੈਦਵਾਲਾ ਦੇ ਸੈਂਕੜੇ ਲੋਕਾਂ ਨੇ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਤੇ ਡਾਕਟਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਵੱਲੋਂ ਲਾਏ ਗਏ ਧਰਨੇ ਤੋਂ ਬਾਅਦ ਤਣਾਅਪੂਰਨ ਸਥਿਤੀ ਨੂੰ ਵੇਖਦੇ ਹੋਏ ਹਸਪਤਾਲ ਦੇ ਅੱਗੇ ਪੁਲੀਸ ਤਾਇਨਾਤ ਕੀਤੀ ਗਈ। ਉਧਰ ਡਾਕਟਰ ਨੇ ਜਿਥੇ ਇਲਾਜ ਵਿੱਚ ਲਾਪ੍ਰਵਾਹੀ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਉਥੇ ਹੀ ਆਈਐਮਏ ਨਾਲ ਜੁੜੇ ਡਾਕਟਰ ਹਸਪਤਾਲ ਦੇ ਸੰਚਾਲਕ ਡਾਕਟਰ ਕੁਲਵਿੰਦਰ ਗਿੱਲ ਦੀ ਹਮਾਇਤ ਵਿੱਚ ਆ ਗਏ ਹਨ।
ਆਈਐਮਏ ਦੇ ਜ਼ਿਲ੍ਹਾ ਪ੍ਰਧਾਨ ਡਾ. ਅਸ਼ੀਸ਼ ਖੁਰਾਣਾ ਨੇ ਕਿਹਾ ਹੈ ਕਿ ਜੇ ਮਰੀਜ਼ ਨੂੰ ਲੱਗਦਾ ਹੈ ਕਿ ਇਲਾਜ ਵਿੱਚ ਲਾਪ੍ਰਵਾਹੀ ਹੋਈ ਹੈ ਤਾਂ ਇਸ ਦੀ ਹੋਰ ਡਾਕਟਰਾਂ ਤੋਂ ਜਾਂਚ ਕਰਵਾਈ ਜਾ ਸਕਦੀ ਹੈ ਪਰ ਕਿਸੇ ਹਸਪਤਾਲ ਦੇ ਅੱਗੇ ਧਰਨਾ ਦੇਣਾ ਤੇ ਨਾਅਰੇਬਾਜ਼ੀ ਕਰਨਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ। ਫਿਲਹਾਲ ਇਕ ਪਾਸੇ ਜਿਥੇ ਮਰੀਜ਼ ਦੇ ਹੱਕ ਵਿੱਚ ਪਿੰਡ ਦੇ ਲੋਕ ਧਰਨਾ ਦੇ ਰਹੇ ਹਨ ਉਥੇ ਦੀ ਦੂਜੇ ਪਾਸੇ ਡਾਕਟਰ ਦੇ ਹੱਕ ਵਿੱਚ ਆਈਐਮਏ ਨਾਲ ਜੁੜੇ ਡਾਕਟਰ ਇਕੱਠੇ ਹੋ ਗਏ। ਹਸਪਤਾਲ ਅੱਗੇ ਧਰਨਾ ਦੇ ਰਹੇ ਪਿੰਡ ਵੈਦਵਾਲਾ ਦੇ ਨੰਬਰਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਜਗਤਾਰ ਸਿੰਘ ਕੱਬਡੀ ਖਿਡਾਰੀ ਹੈ। ਪਿਛਲੇ ਦਿਨੀਂ ਉਸ ਦੇ ਗੋਡੇ ਦਾ ਲੀਗਾਮੈਂਟ ’ਚ ਖਰਾਬੀ ਆਈ ਤਾਂ ਡਾਕਟਰ ਕੁਲਵਿੰਦਰ ਗਿੱਲ ਨੇ ਉਸ ਦੇ ਗੋਡੇ ਦਾ ਅਪਰੇਸ਼ਨ ਕਰ ਦਿੱਤਾ। ਢਾਈ ਮਹੀਨੇ ਅਪਰੇਸ਼ਨ ਮਗਰੋਂ ਵੀ ਗੋਡਾ ਠੀਕ ਹੋਣ ਦੀ ਬਜਾਏ ਜ਼ਿਆਦਾ ਖਰਾਬ ਹੋ ਗਿਆ। ਪਿੰਡ ਦੇ ਲੋਕਾਂ ਨੇ ਇਸ ਬਾਰੇ ਜਦੋਂ ਡਾਕਟਰ ਨਾਲ ਗੱਲ ਕੀਤੀ ਤਾਂ ਡਾਕਟਰ ਨੇ ਜਗਤਾਰ ਦਾ ਇਲਾਜ ਕਰਵਾਉਣ ਦਾ ਵਾਅਦਾ ਕੀਤਾ ਪਰ ਹੁਣ ਉਹ ਆਪਣੇ ਵਾਅਦੇ ਤੋਂ ਭੱਜ ਰਿਹਾ ਹੈ। ਨੰਬਰਦਾਰ ਨੇ ਇਹ ਵੀ ਦੱਸਿਆ ਕਿ ਡਾਕਟਰ ਨੇ ਹੁਣ ਪਿੰਡ ਦੇ ਲੋਕਾਂ ’ਤੇ ਹਸਪਤਾਲ ਦੀ ਮਹਿਲਾ ਡਾਕਟਰ ਨਾਲ ਦੁਰਵਿਹਾਰ ਕਰਨ ਦਾ ਝੂਠਾ ਦੋਸ਼ ਲਾ ਕੇ ਪੁਲੀਸ ਕੋਲ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮਰੀਜ਼ ਦੇ ਇਲਾਜ ਦਾ ਖਰਚਾ ਤੇ ਝੂਠਾ ਦਰਜ ਕਰਵਾਇਆ ਗਿਆ ਪਰਚਾ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਇਹ ਧਰਨਾ ਜਾਰੀ ਰਹੇਗਾ। ਫਿਲਹਾਲ ਦੋਵੇਂ ਧਿਰਾਂ ਆਪੋ ਆਪਣੀ ਗੱਲ ’ਤੇ ਬਜ਼ਿੱਦ ਹਨ। ਤਣਾਅ ਨੂੰ ਦੇਖਦੇ ਹੋਏ ਵੱਡੀ ਗਿਣਤੀ ਪੁਲੀਸ ਹਸਪਤਾਲ ਨੇੜੇ ਤਾਇਨਾਤ ਕੀਤੀ ਗਈ ਹੈ।