ਅੰਬਾਲਾ (ਰਤਨ ਸਿੰਘ ਢਿੱਲੋਂ): ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਵੱਲੋਂ ਅੱਜ ਕਰੋਨਾਵਾਇਰਸ ਦੀ ਦਵਾਈ (ਵੈਕਸੀਨ) ਦੇ ਤੀਜੇ ਗੇੜ ਦੇ ਟਰਾਇਲ ਤਹਿਤ ਬਤੌਰ ਵਾਲੰਟੀਅਰ ਟੀਕਾ ਲਗਵਾਇਆ ਗਿਆ। ਅਜਿਹਾ ਕਰਨ ਵਾਲੇ ਊਹ ਵਿਸ਼ਵ ਦੇ ਪਹਿਲੇ ਮੰਤਰੀ ਬਣ ਗਏ ਹਨ। ਪਹਿਲਾਂ ਡਾਕਟਰਾਂ ਦੀ ਟੀਮ ਵੱਲੋਂ ਖੂਨ ਦਾ ਨਮੂਨਾ ਲੈ ਕੇ ਸ੍ਰੀ ਵਿੱਜ ਦੀ ਸਿਹਤ ਜਾਂਚ ਕੀਤੀ ਗਈ ਅਤੇ ਫਿਰ ਪੀਜੀਆਈ ਰੋਹਤਕ ਦੇ ਡਾਕਟਰਾਂ ਦੀ ਨਿਗਰਾਨੀ ਹੇਠ ਛਾਉਣੀ ਦੇ ਸਿਵਲ ਹਸਪਤਾਲ ਵਿੱਚ ਉਨ੍ਹਾਂ ਨੂੰ ਟੀਕਾ ਲਗਾਇਆ ਗਿਆ। ਇਸ ਦੌਰਾਨ ਸ੍ਰੀ ਵਿੱਜ ਨੇ ਕਿਹਾ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈ। ਪੂਰੇ ਦੇਸ਼ ਵਿਚ 25,800 ਲੋਕਾਂ ’ਤੇ ਵੈਕਸੀਨ ਦਾ ਟਰਾਇਲ ਕੀਤਾ ਜਾਵੇਗਾ ਜਦੋਂ ਕਿ ਹਰਿਆਣਾ ਵਿੱਚ ਇਸ ਟਰਾਇਲ ਲਈ ਇਕ ਹਜ਼ਾਰ ਵਾਲੰਟੀਅਰਾਂ ਦੀ ਲੋੜ ਹੈ। ਵੈਕਸੀਨ ਟਰਾਇਲ ਦਾ ਹਿੱਸਾ ਬਣਨ ਵਾਲੇ ਵਾਲੰਟੀਅਰ ਪੀਜੀਆਈ ਰੋਹਤਕ ਦੇ ਹੈਲਪਲਾਈਨ ਨੰਬਰ 94164-47071 ’ਤੇ ਸੰਪਰਕ ਕਰ ਸਕਦੇ ਹਨ।