ਰਤਨ ਸਿੰਘ ਢਿੱਲੋਂ
ਅੰਬਾਲਾ, 3 ਜੂਨ
ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਟਵਿੱਟਰ ’ਤੇ ਹਰਿਆਣਾ ਸਰਕਾਰ ਨੂੰ 3 ਜੂਨ ਨੂੰ ਰੇਲ ਗੱਡੀਆਂ ਬੰਦ ਕਰਨ ਦੀ ਦਿੱਤੀ ਗਈ ਧਮਕੀ ਦੇ ਮੱਦੇਨਜ਼ਰ ਜੀਆਰਪੀ ਅਤੇ ਆਰਪੀਐੱਫ ਨੇ ਸਾਂਝੇ ਤੌਰ ’ਤੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਚੌਕਸੀ ਵਧਾ ਦਿੱਤੀ ਹੈ। ਦਿਨ ਵਿਚ ਦੋ-ਤਿੰਨ ਵਾਰ ਹਰ ਆਉਣ-ਜਾਣ ਵਾਲੇ ਵਿਅਕਤੀ ਅਤੇ ਉਸ ਦੇ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਖ਼ੁਫ਼ੀਆ ਵਿਭਾਗ ਵੀ ਚੌਕਸੀ ਵਰਤ ਰਿਹਾ ਹੈ।
ਪੰਨੂ ਨੇ ਕੁਝ ਦਿਨ ਪਹਿਲਾਂ ਹਰਿਆਣਾ ਸਰਕਾਰ ਨੂੰ 3 ਜੂਨ ਨੂੰ ਰੇਲ ਗੱਡੀਆਂ ਨਾ ਚਲਾਉਣ ਦੀ ਚਿਤਾਵਨੀ ਦਿੱਤੀ ਸੀ। ਰੇਲਵੇ ਪੁਲੀਸ (ਜੀਆਰਪੀ) ਦੇ ਐੱਸਐੱਚਓ ਧਰਮਵੀਰ ਨੇ ਦੱਸਿਆ ਕਿ ਪੰਨੂ ਦੀ ਧਮਕੀ ਨੂੰ ਜ਼ਿਹਨ ਵਿਚ ਰੱਖਦਿਆਂ ਪੁਲੀਸ ਚੌਕਸੀ ਵਰਤ ਰਹੀ ਹੈ।
ਵਿੱਜ ਵੱਲੋਂ ਪੰਚਕੂਲਾ ਸਟੇਡੀਅਮ ’ਚ ਸੁਰੱਖਿਆ ਦਾ ਜਾਇਜ਼ਾ
ਪੰਚਕੂਲਾ (ਪੀਪੀ ਵਰਮਾ): ਗ੍ਰਹਿ ਮੰਤਰੀ ਅਨਿਲ ਵਿਜ ਨੇ ‘ਖੇਲੋ ਇੰਡੀਆ ਯੂਥ ਗੇਮਸ’ ਦੌਰਾਨ ਸੁਰੱਖਿਆ ਵਿਵਸਥਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਇਹ ਖੇਡਾਂ ਇਥੇ ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਵਿੱਚ 4 ਜੂਨ ਤੋਂ ਸ਼ੁਰੂ ਹੋ ਰਹੀਆਂ ਹਨ। ਇਨਾਂ ਖੇਡਾਂ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ। ਸ੍ਰੀ ਵਿੱਜ ਨੇ ਗ੍ਰਹਿ ਸਕੱਤਰ ਰਾਜੀਵ ਅਰੋੜਾ ਅਤੇ ਪੁਲੀਸ ਮਹਾਨਿਰਦੇਸ਼ਕ ਪੀਕੇ ਅਗਰਵਾਲ ਨਾਲ ਸਟੇਡੀਅਮ ਦੇ ਮੁੱਖ ਮੰਚ ਸਮੇਤ ਹੋਰਨਾਂ ਪੁਆਇੰਟਾਂ ਦਾ ਨਿਰੀਖਣ ਕੀਤਾ।