ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਦਸੰਬਰ
ਕਿਸਾਨ ਅੰਦੋਲਨ ਖ਼ਤਮ ਹੋਣ ਮਗਰੋਂ ਦਿੱਲੀ ਬਾਰਡਰ ਤੋਂ ਆਪਣੇ ਘਰਾਂ ਨੂੰ ਵਾਪਸ ਆ ਰਹੇ ਕਿਸਾਨਾਂ ਦਾ ਸ਼ੰਭੂ ਟੌਲ ਪਲਾਜ਼ਾ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇੱਥੇ ਸਾਰਾ ਦਿਨ ਜਸ਼ਨ ਦਾ ਮਾਹੌਲ ਰਿਹਾ। ਕਿਸਾਨਾਂ ਨੇ ਸਾਂਝੇ ਤੌਰ ’ਤੇ ਸ਼ੁਕਰਾਨੇ ਦੀ ਅਰਦਾਸ ਕੀਤੀ। ਨੌਜਵਾਨ, ਬਜ਼ੁਰਗ ਅਤੇ ਬੱਚੇ ਟਰੈਕਟਰਾਂ ’ਤੇ ਲੱਗੇ ਡੀਜੇ ਅਤੇ ਢੋਲ ਦੀ ਤਾਲ ’ਤੇ ਭੰਗੜੇ ਪਾਏ। ਇੱਥੇ ਪਹੰੁਚਣ ’ਤੇ ਹਵਾਈ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਜਥੇਬੰਦੀਆਂ ਦਾ ਮੰਚ ’ਤੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਮੌਹੜਾ ਵਿੱਚ ਵੀ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਚੰਡੀਗੜ੍ਹ (ਪੱਤਰ ਪ੍ਰੇਰਕ): ਕਿਸਾਨ ਅੰਦੋਲਨ ਦੀ ਜਿੱਤ ਦੇ ਜਸ਼ਨਾਂ ਦੀ ਲੜੀ ਵਜੋਂ ਯੂ.ਟੀ. ਚੰਡੀਗੜ੍ਹ ਦੇ ਪਿੰਡ ਹੱਲੋਮਾਜਰਾ ਵਿੱਚ ‘ਫ਼ਤਿਹ ਮਾਰਚ’ ਕੱਢਿਆ ਗਿਆ। ਵੱਡੀ ਗਿਣਤੀ ਲੋਕਾਂ ਨੇ ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਅਤੇ ਲੱਡੂ ਵੀ ਵੰਡੇ। ਇਸ ਮੌਕੇ ਸਰਪੰਚ ਸੁਖਜੀਤ ਸਿੰਘ ਹੱਲੋਮਾਜਰਾ ਵੀ ਮੌਜੂਦ ਸੀ।
ਖਰੜ (ਪੱਤਰ ਪ੍ਰੇਰਕ): ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਵਿੱਚ ਘੜੂੰਆਂ ਵਾਸੀਆਂ ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਅਮਰਜੀਤ ਕੌਰ, ਜਸਵੀਰ ਕੌਰ, ਸੁਰਿੰਦਰ ਕੌਰ, ਮਨਜੀਤ ਕੌਰ, ਹਰਜੀਤ ਕੌਰ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਮਲਕਸਰ ਸਾਹਿਬ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਸ਼ੁਕਰਾਨਾ ਕੀਤਾ ਗਿਆ ਤੇ ਪਿੰਡ ਵਿੱਚ ਫਤਹਿ ਮਾਰਚ ਕੱਢ ਕੇ ਲੱਡੂ ਵੰਡੇ ਗਏ।
ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ) : ਦਿੱਲੀ ਕਿਸਾਨ ਮੋਰਚਾ ਫਤਿਹ ਹੋਣ ’ਤੇ ਪਿੰਡ ਸਲੇਮਪੁਰ ਦੀ ਸੰਗਤ ਵੱਲੋਂ ਅਰਦਾਸ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਨਗਰ ਨਿਵਾਸੀਆਂ ਵੱਲੋਂ ਖੁਸ਼ੀ ਵਿੱਚ ਲੱਡੂ ਵੰਡੇ ਗਏ ਤੇ ਨੌਜਵਾਨਾਂ ਵੱਲੋਂ ਢੋਲ ਵਜਾ ਕੇ ਭੰਗੜਾ ਪਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ, ਸੁਰਿੰਦਰ ਸਿੰਘ, ਨੇਤਰ ਸਿੰਘ ਆਦਿ ਹਾਜ਼ਰ ਸਨ।
ਮੋਰਿੰਡਾ (ਪੱਤਰ ਪ੍ਰੇਰਕ): ਦਿੱਲੀ ਸੰਯੁਕਤ ਕਿਸਾਨ ਮੋਰਚੇ ਤੋਂ ਵਾਪਸ ਪਰਤਣ ’ਤੇ ਮੋਰਿੰਡਾ ਇਲਾਕੇ ਦੇ ਕਿਸਾਨਾਂ ਨੇ ਇੱਥੇ ਗੁਰਦੁਆਰਾ ਸ਼ਹੀਦਗੰਜ ਵਿੱਚ ਹਾਜ਼ਰੀ ਲਵਾਈ। ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਚਲਾਕੀ, ਗੁਰਚਰਨ ਸਿੰਘ ਢੋਲਣਮਾਜਰਾ ਆਦਿ ਮੌਜੂਦ ਸਨ।
ਐਸ.ਏ.ਐਸ.ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਪਿੰਡ ਚਿੱਲਾ ਦੇ ਚਾਰ ਦਰਜਨ ਲੋਕਾਂ ਦਾ ਕਿਸਾਨ ਅੰਦੋਲਨ ਦੀ ਜਿੱਤ ਮਗਰੋਂ ਅੱਜ ਦੇਰ ਸ਼ਾਮ ਪਿੰਡ ਪਹੁੰਚਣ ’ਤੇ ਸਮੁੱਚੇ ਪਿੰਡ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਪਿੰਡ ਵਾਸੀਆਂ ਨੇ ਇਸ ਮੌਕੇ ਏਅਰਪੋਰਟ ਰੋਡ ਤੋਂ ਪਿੰਡ ਚਿੱਲਾ ਤੱਕ ਇੱਕ ਕਿਲੋਮੀਟਰ ਲੰਮਾ ਜੇਤੂ ਜਲੂਸ ਕੱਢਿਆ। ਇਸ ਦੌਰਾਨ ਭੰਗੜੇ ਪਾਏ ਗਏ ਅਤੇ ਆਤਿਸ਼ਬਾਜ਼ੀ ਕੀਤੀ ਗਈ। ਇਸ ਮੌਕੇ ਸਰਪੰਚ ਸਮਸ਼ੇਰ ਕੌਰ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਚੰਡੀਮੰਦਰ ਟੌਲ ਪਲਾਜ਼ਾ ਤੋਂ ਉਠੇ ਕਿਸਾਨ
ਪੰਚਕੂਲਾ (ਪੱਤਰ ਪ੍ਰੇਰਕ): ਇੱਥੇ ਚੰਡੀਮੰਦਰ ਟੌਲ ਪਲਾਜ਼ਾ ’ਤੇ ਪਿਛਲੇ ਇੱਕ ਸਾਲ ਤੋਂ ਬੈਠੇ ਕਿਸਾਨ ਨੇ ਅੱਜ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ। ਸਵੇਰੇ 11 ਵਜੇ ਕਿਸਾਨ ਨੇਤਾ ਟੌਲ ਪਲਾਜ਼ਾ ’ਤੇ ਇਕੱਠੇ ਹੋਏ ਅਤੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ। ਕਿਸਾਨ ਆਗੂ ਕਰਮ ਸਿੰਘ ਤੇ ਹੋਰਾਂ ਨੇ ਕਿਸਾਨਾਂ ਦਾ ਧੰਨਵਾਦ ਕੀਤਾ। ਕਿਸਾਨਾਂ ਨੇ ਆਪਣੀ ਜਿੱਤ ਦੀ ਖ਼ੁਸ਼ੀ ਵਿੱਚ ਭੰਗੜਾ ਪਾਏ ਅਤੇ ਕਈ ਗਾਇਕਾਂ ਨੇ ਗਾਇਕੀ ਦਾ ਰੰਗ ਬੰਨ੍ਹਿਆ। ਸਾਬਕਾ ਕ੍ਰਿਕਟਰ ਅਤੇ ਫ਼ਿਲਮੀ ਕਲਾਕਾਰ ਯੋਗਰਾਜ ਨੇ ਵੀ ਜ਼ੋਰਦਾਰ ਭਾਸ਼ਣ ਦਿੱਤਾ। ਆਗੂਆਂ ਨੇ ਮਹਿਲਾਵਾਂ, ਬੱਚਿਆਂ, ਬਜ਼ੁਰਗਾਂ ਅਤੇ ਮੀਡੀਆ ਕਰਮੀਆਂ ਦਾ ਵੀ ਧੰਨਵਾਦ ਕੀਤਾ।
ਟੌਲ ਟੈਕਸ ਛੋਟ ਤੱਕ ਸੰਘਰਸ਼ ਜਾਰੀ ਰੱਖਣਗੇ ਕਿਸਾਨ
ਲਾਲੜੂ (ਪੱਤਰ ਪ੍ਰੇਰਕ): ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਦੇ ਦੱਪਰ ਟੌਲ ਪਲਾਜ਼ਾ ’ਤੇ ਬੈਠੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਥਾਨਕ ਲੋਕਾਂ ਨੂੰ ਟੌਲ ਫ਼ੀਸ ਤੋਂ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਵਿੱਚ ਛੋਟ ਨਹੀਂ ਦਿੱਤੀ ਜਾਂਦੀ, ਸੰਘਰਸ਼ ਜਾਰੀ ਰੱਖਣਗੇ। ਬੀਕੇਯੂ (ਲੱਖੋਵਾਲ) ਦੇ ਸੂਬਾਈ ਆਗੂ ਮਨਪ੍ਰੀਤ ਸਿੰਘ ਅਮਲਾਲਾ ਨੇ ਦੱਸਿਆ ਕਿ ਸਬ-ਡਵੀਜ਼ਨ ਡੇਰਾਬਸੀ ਅਧੀਨ ਆਉਂਦੇ ਦਰਜਨਾ ਪਿੰਡਾਂ ਤੇ ਕਸਬਿਆਂ ਦੇ ਲੋਕਾਂ ਨੂੰ ਹਰ ਰੋਜ਼ ਕਈ-ਕਈ ਵਾਰ ਟੌਲ ਦੇਣਾ ਪੈਂਦਾ ਹੈ, ਜਦੋਂਕਿ ਕੁੱਝ ਟੌਲ ਪਲਾਜ਼ਿਆਂ ’ਤੇ ਸਥਾਨਕ ਲੋਕਾਂ ਨੂੰ ਛੋਟ ਮਿਲੀ ਹੋਈ ਹੈ। ਉਧਰ, ਟੌਲ ਪਲਾਜ਼ਾ ਦੱਪਰ ਦੇ ਅਧਿਕਾਰੀ ਦੀਪਕ ਅਰੋੜਾ ਨੇ ਦੱਸਿਆ ਕਿ ਟੌਲ ਪਲਾਜ਼ਾ ਜਲਦ ਹੀ ਸ਼ੁਰੂ ਕੀਤਾ ਜਾਵੇਗ, ਜਿਸ ਦੀਆਂ ਤਿਆਰੀਆਂ ਮੁਕੰਮਲ ਹਨ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸ਼ੰਭੂ ਟੌਲ ਪਲਾਜ਼ਾ ਸ਼ੁਰੂ ਕਰਨ ਬਾਰੇ ਭੰਬਲਭੂਸਾ ਬਰਕਰਾਰ ਹੈ। ਇਸ ਟੌਲ ਪਲਾਜ਼ਾ ’ਤੇ ਅੰਦੋਲਨ ਦੀ ਅਗਵਾਈ ਕਰ ਰਹੇ ਭਾਕਿਯੂ ਬਲਾਕ-1 ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਵਜਿੰਦਰ ਸਿੰਘ ਕੰਬੋਜ ਨੇ ਕਿਸਾਨਾਂ ਦੇ ਚਲੇ ਜਾਣ ਮਗਰੋਂ ਟੌਲ ਖੋਲ੍ਹਣ ਦੀ ਗੱਲ ਆਖੀ ਹੈ। ਦੂਜੇ ਪਾਸੇ ਟੌਲ ਮੈਨੇਜਰ ਪੰਕਜ ਚੌਹਾਨ ਨੇ ਦੱਸਿਆ ਕਿ ਟੌਲ ’ਤੇ 13 ਕਾਊਂਟਰ ਹਨ ਅਤੇ ਉਨ੍ਹਾਂ ਨੇ ਸਿਸਟਮ ਅੱਪਡੇਟ ਕਰਨ ਦੇ ਨਾਲ-ਨਾਲ ਸਾਫ਼-ਸਫ਼ਾਈ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਹੈ। ਮੈਨੇਜਰ ਨੇ ਦੱਸਿਆ ਕਿ ਪਹਿਲੀ ਸਤੰਬਰ ਤੋਂ ਸੋਧੀਆਂ ਹੋਈਆਂ ਦਰਾਂ ਮੁਤਾਬਕ ਜਲਦ ਟੌਲ ਸ਼ੁਰੂ ਕਰ ਦਿੱਤਾ ਜਾਵੇਗਾ। ਇਥੋਂ ਰੋਜ਼ਾਨਾ 40 ਹਜ਼ਾਰ ਵਾਹਨ ਗੁਜਰਦੇ ਹਨ।