ਪੱਤਰ ਪ੍ਰੇਰਕ
ਟੋਹਾਣਾ, 15 ਜਨਵਰੀ
ਯੂਰੀਆ ਖਾਦ ਨੂੰ ਲੈ ਕੇ ਜ਼ਿਲ੍ਹੇ ਦੀਆਂ ਮੰਡੀਆ ਵਿੱਚ ਮਾਰੋਮਾਰ ਚੱਲ ਰਹੀ ਹੈ। ਅੰਤਾਂ ਦੀ ਠੰਢ ਤੇ ਬਰਫਾਨੀ ਹਵਾਵਾਂ ਦੌਰਾਨ ਵੀ ਕਿਸਾਨ ਨਿੱਜੀ ਖਾਦ ਦੁਕਾਨਾਂ ਅੱਗੇ ਲਾਈਨਾਂ ਵਿੱਚ ਲੱਗੇ ਅਤੇ ਅੱਗ ਸੇਕਦੇ ਖਾਦ ਦਾ ਇੰਤਜ਼ਾਰ ਵਿੱਚ ਹਨ। ਬੀਤੇ ਦੋ ਦਿਨਾਂ ਤੋਂ ਖ਼ਬਰ ਆ ਰਹੀ ਸੀ ਕਿ ਭੱਠੂੁ ਰੇਲਵੇ ਸਟੇਸ਼ਨ ’ਤੇ ਖਾਦ ਦਾ ਰੈਕ ਲੱਗਣ ਨਾਲ ਯੂਰੀਆ ਦਾ ਮਾਮਲਾ ਹੱਲ ਹੋ ਜਾਵੇਗਾ ਪਰ ਕਿਸਾਨ ਨੂੰ ਨਿਰਾਸ਼ਾ ਹੀ ਹੱਥ ਲੱਗੀ। ਐੱਸਡੀਓ ਖੇਤੀਬਾੜੀ ਭੀਮ ਸਿੰਘ ਨੇ ਦੱਸਿਆ ਕਿ ਯੂਰੀਆ ਦੇ ਰੈਕ ਵਿੱਚੋਂ 300 ਮੀਟਰਿਕ ਟਨ ਦੋ ਨਿੱਜੀ ਫ਼ਰਮ ਨੂੰ ਦਿੱਤੀ ਜਾਣ ਦੀ ਪੁਸ਼ਟੀ ਦੇ ਬਾਵਜੂਦ ਫ਼ਰਮ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਨੂੰ 1600-1600 ਬੈਗ ਖਾਦ ਮਿਲੀ ਹੈ। ਕਿਸਾਨ ਦੋਸ਼ ਲਾ ਰਹੇ ਹਨ ਕਿ ਯੂਰੀਆ ਖਾਦ ਵੰਡ ਪ੍ਰਣਾਲੀ ਭੇਤ ’ਚ ਹੈ, ਜਿਸ ਕਰਕੇ ਕਿਸਾਨਾਂ ਨੂੰ ਖਾਦ ਨਹੀ ਦਿੱਤੀ ਜਾ ਰਹੀ। ਜਦੋਂ ਕਿ ਚਹੇਤਿਆਂ ਦੇ ਘਰ ਭੇਜੀ ਜਾ ਰਹੀ ਹੈ। ਐੱਸਡੀਓ ਭੀਮ ਸਿੰਘ ਨੇ ਕਿਹਾ ਕਿ ਖਾਦ ਵੰਡ ਦੀ ਜਾਂਚ ਹੋਵੇਗੀ ਤੇ ਤਰੁੱਟੀ ਪਾਏ ਜਾਣ ’ਤੇ ਕਾਰਵਾਈ ਹੋਵੇਗੀ। ਮੰਡੀਆਂ ਵਿੱਚ ਕਿਸਾਨ ਹੰਗਾਮਾ ਕਰ ਰਹੇ ਹਨ ਤੇ ਕਿਸਾਨ ਜਥੇਬੰਦੀਆਂ ਨੇ ਯੂਰੀਆ ਵੰਡ ਨੂੰ ਲੈਕੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਰੋਸ ਧਰਨੇ ਦੀ ਚਿਤਾਵਨੀ ਦਿੱਤੀ। ਕਿਸਾਨਾਂ ਨੇ ਦੋਸ਼ ਲਾਇਆ ਕਿ ਨਿੱਜੀ ਬੱਸ ਮਾਲਕ ਖਾਦ ਸਟਾਕ ਨਹੀਂ ਲਾ ਰਹੇ ਤੇ ਨਾ ਹੀ ਖੇਤੀਬਾੜੀ ਅਧਿਕਾਰੀ ਕਿਸਾਨਾਂ ਦੀ ਟੀਮ ਨਾਲ ਮਿਲ ਕੇ ਖਾਦ ਵੰਡਣ ਨੂੰ ਤਜਰੀਹ ਦੇ ਰਹੇ ਹਨ।