ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 20 ਅਪਰੈਲ
ਕੇਂਦਰੀ ਸੜਕ, ਆਵਾਜਾਈ ਰਾਜ ਮੰਤਰੀ ਨਿਤਿਨ ਗਡਕਰੀ ਅਤੇ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਨੇ ਬੁੱਧਵਾਰ ਨੂੰ ਉਨ੍ਹਾਂ ਦੇ ਦਿੱਲੀ ਦਫ਼ਤਰ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ ਕੌਮੀ ਹਾਈਵੇਅ ਦੇ ਅਧਿਕਾਰੀ ਵੀ ਮੌਜੂਦ ਸਨ। ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਫਰੀਦਾਬਾਦ ਲੋਕ ਸਭਾ ਹਲਕੇ ਦੇ ਵੱਖ-ਵੱਖ ਸੜਕੀ ਪ੍ਰਾਜੈਕਟਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਵਿਸ਼ਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ, ਜਿੱਥੇ ਕੌਮੀ ਹਾਈਵੇਅ ਦੇ ਨਿਰਮਾਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਹੋਈ ਮੀਟਿੰਗ ਵਿੱਚ ਕੌਮੀ ਹਾਈਵੇਅ ’ਤੇ 10 ਅੰਡਰਪਾਸ ਬਣਾਉਣ ਲਈ ਸਹਿਮਤੀ ਬਣੀ ਹੈ।
ਮੀਟਿੰਗ ਵਿੱਚ ਨਿਤਿਨ ਗਡਕਰੀ ਨੇ ਦੱਸਿਆ ਕਿ ਸੰਸਦ ਮੈਂਬਰ ਦੀਆਂ ਮੰਗਾਂ ’ਤੇ ਕਮੇਟੀ 10 ਦਿਨਾਂ ਵਿੱਚ ਆਪਣੀ ਰਿਪੋਰਟ ਸੌਂਪੇਗੀ। ਇਨ੍ਹਾਂ ਵਿੱਚ ਮੁੱਖ ਤੌਰ ’ਤੇ 23-24 ਕਿਲੋਮੀਟਰ ’ਤੇ ਪਿੰਡ ਮੇਵਲਾ ਮਹਾਰਾਜਪੁਰ, ਸੈਕਟਰ 45-46 ਨੂੰ ਜਾਂਦੀ ਸੜਕ ’ਤੇ, ਕੌਮੀ ਰਾਜ ਮਾਰਗ-19 ’ਤੇ ਪਿੰਡ ਬਘੋਲਾ ਵਿੱਚ ਵਾਹਨ ਅੰਡਰਪਾਸ ਦਾ ਨਿਰਮਾਣ, ਕੌਮੀ ਹਾਈਵੇਅ-19 ’ਤੇ, ਪਿੰਡ ਫੁਲਵਾੜੀ, ਕੌਮੀ ਹਾਈਵੇਅ-19, ਅਸਾਵਥਾ ਮੋੜ/ਓਮੈਕਸ ਸਿਟੀ ਕਰਾਸਿੰਗ ਦੇ ਸਾਹਮਣੇ, ਕੌਮੀ ਰਾਜਮਾਰਗ 19 ’ਤੇ ਪਿੰਡ ਔਰੰਗਾਬਾਦ/ਮਿਤਰੋਲ ਦੇ ਸਾਹਮਣੇ ਵਾਹਨ ਅੰਡਰਪਾਸ ਦਾ ਨਿਰਮਾਣ, ਕੌਮੀ ਰਾਜਮਾਰਗ ’ਤੇ ਪਿੰਡ ਤੁਮਸਰਾ ’ਤੇ ਪਿੰਡ ਖਟੇਲਾ ਵਿੱਚ ਅੰਡਰਪਾਸ ਦਾ ਨਿਰਮਾਣ, ਪਿੰਡ ਮੁੰਡਕਟੀ ਵਿੱਚ ਵਾਹਨ ਅੰਡਰਪਾਸ ਅਤੇ ਭੁਲਵਾਣਾ ਵਿਖੇ ਵਾਹਨ ਅੰਡਰਪਾਸ ਦਾ ਨਿਰਮਾਣ ਸ਼ਾਮਲ ਹੈ।