ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 13 ਦਸੰਬਰ
ਲਾਡਵਾ ਦੇ ਵਿਧਾਇਕ ਮੇਵਾ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਹੱਠਧਰਮੀ ਕਰਕੇ ਦੇਸ਼ ਦਾ ਅੰਨਦਾਤਾ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਭਾਰੀ ਠੰਢ ਦੇ ਮੌਸਮ ਵਿਚ ਦਿੱਲੀ ਵਿਚ ਅੰਦੋਲਨ ਕਰਨ ਲਈ ਮਜਬੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਜਦੋਂ ਕਿਸਾਨ ਸਰਕਾਰ ਨਾਲ ਜਦੋ-ਜਹਿਦ ਕਰ ਰਿਹਾ ਹੈ ਪਰ ਮੌਜੂਦਾ ਭਾਜਪਾ ਸਰਕਾਰ ਹੈ ਕਿ ਕਿਸਾਨਾਂ ਨੂੰ ਲਗਾਤਾਰ ਗੁਮਰਾਹ ਕਰਕੇ ਉਨ੍ਹਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ।
ਵਿਧਾਇਕ ਮੇਵਾ ਸਿੰਘ ਅੱਜ ਪਿੰਡ ਕੰਦੋਲੀ ਵਿਚ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ’ਤੇ ਥੋਪੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਬੇਝਿਜਕ ਵਾਪਸ ਵਾਪਸ ਲਏ ਤਾਂ ਕਿ ਕਿਸਾਨ ਖ਼ੁਸ਼ੀ ਖ਼ੁਸ਼ੀ ਘਰ ਜਾਣ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦਾ ਸਭ ਤੋਂ ਮਿਹਨਤੀ ਤੇ ਭੋਜਨ ਪੈਦ ਕਰਨ ਵਾਲਾ ਵਰਗ ਹੈ। ਜਿਨਾਂ ਨੂੰ ਇਸ ਕੜਕਦੀ ਠੰਢ ਵਿਚ ਘਰੋਂ ਬੇਘਰ ਹੋ ਦਿੱਲੀ ਵਿਚ ਅਗਨੀ ਪ੍ਰੀਖਿਆ ਵਿੱਚੋਂ ਲੰਘਣਾ ਪੈ ਰਿਹਾ ਹੈ । ਇਸ ਮੌਕੇ ਗੁਰਪ੍ਰਤਾਪ ਸਿੰਘ, ਜਸਬੀਰ ਸਿੰਘ, ਗੁਰਿੰਦਰ ਸਿੰਘ, ਰਾਮ ਪਾਲ, ਜਗਮਾਲ ਸਿੰਘ, ਜੈਪਾਲ , ਨਸੀਬ ਸਿੰਘ ਆਦਿ ਮੌਜੂਦ ਸਨ।
ਮੋਦੀ ਨੂੰ ਕਿਸਾਨਾਂ ਦੀ ਚਿੰਤਾ ਨਹੀਂ: ਭਾਰਤੀ ਕਿਸਾਨ ਯੂਨੀਅਨ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਦੇ ਪ੍ਰੈੱਸ ਬੁਲਾਰੇ ਰਾਕੇਸ਼ ਬੈਂਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਦ ’ਤੇ ਅੜੇ ਹੋਏ ਹਨ ਤੇ ਉਨਾ੍ਹਂ ਨੂੰ ਕਾਰਪੋਰੇਟ ਦੇ ਚੱਕਰਾਂ ਵਿਚ ਕਿਸਾਨਾਂ ਦੀ ਹਿੱਤ ਕਿਧਰੇ ਨਹੀਂ ਦਿੱਸ ਰਹੇ। ਉਨ੍ਹਾਂ ਕਿਹਾ ਕਿ ਕੜਾਕੇ ਦੀ ਠੰਢ ਤੇ ਬਰਸਾਤ ਵਿਚ ਲੱਖਾਂ ਕਿਸਾਨ ਸੜਕਾਂ ’ਤੇ ਬੈਠੇ ਹਨ ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਖਾਂ ਮੀਟ ਕੇ ਤਮਾਸ਼ਾ ਦੇਖ ਰਹੇ ਹਨ। ਬੈਂਸ ਨੇ ਕਿਹਾ ਕਿ 25 ਨਵੰਬਰ ਤੋਂ ਕਿਸਾਨ ਸੜਕਾਂ ’ਤੇ ਹੈ ਤੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਨ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਹੁਣ ਇਕੱਲੇ ਕਿਸਾਨਾਂ ਦਾ ਨਹੀਂ ਰਿਹਾ। ਇਸ ਵਿੱਚ ਦੁਕਾਨਦਾਰ, ਮਜ਼ਦੂਰ ਤੇ ਆਮ ਲੋਕ ਵੀ ਜੁੜ ਗਏ ਹਨ। ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਇਹ ਬਿੱਲ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਦੀ ਬਰਬਾਦੀ ਦਾ ਕਾਰਨ ਵੀ ਬਣਨਗੇ। ਉਨ੍ਹਾਂ ਕਿਹਾ ਕਿ ਜਦ ਤਕ ਕੇਂਦਰ ਸਰਕਾਰ ਇਸ ਫ਼ੈਸਲੇ ਨੂੰ ਵਾਪਸ ਨਹੀਂ ਲੈਂਦੀ , ਉਦੋਂ ਤਕ ਕਿਸਾਨ ਪਿਛੇ ਨਹੀਂ ਹਟਣਗੇ ਚਾਹੇ ਉਨ੍ਹਾਂ ਨੂੰ ਸਾਲਾਂ ਬੱਧੀ ਦਿੱਲੀ ਵਿਚ ਡੇਰੇ ਲਾਉਣੇ ਪੈਣ ।ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਅਤਿਵਾਦੀ ਤੇ ਖਾਲਿਸਤਾਨੀ ਜਿਹੇ ਅਲਫ਼ਾਜ ਵਰਤ ਕੇ ਕਿਸਾਨਾਂ ਤੇ ਸਿੱਖ ਸਮਾਜ ਦਾ ਅਪਮਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤਿੰਨੇ ਕਾਲੇ ਕਾਨੂੰਨਾਂ ਨਾਲ ਹੋਰ ਸੂਬਿਆਂ ਦੀ ਤਰ੍ਹਾਂ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵੀ ਖ਼ਤਮ ਹੋ ਜਾਣਗੀਆਂ ਤੇ ਕਾਰਪੋਰੇਟ ਘਰਾਣੇ ਆਪਣੀ ਮਰਜ਼ੀ ਨਾਲ ਤੇ ਸਿਸਟਮ ਨਾਲ ਕਿਸਾਨਾਂ ਦੀ ਫ਼ਸਲ ਖ਼ਰੀਦਣਗੇ। ਜੇ ਮੰਡੀ ਸਿਸਟਮ ਹੀ ਖ਼ਤਮ ਹੋ ਜਾਏਗਾ ਤਾਂ ਫ਼ਸਲਂਂਾਂ ਦਾ ਐੱਮਐੱਸ ਪੀ ਕਿਵੇਂ ਮਿਲੇਗਾ।