ਫਰਿੰਦਰ ਪਾਲ ਗੁਲੀਆਣੀ
ਨਰਾਇਣਗੜ੍ਹ, 5 ਅਗਸਤ
ਨਰਾਇਣਗੜ੍ਹ ਦੇ ਡੀਐੱਸਪੀ ਆਦਰਸ਼ਦੀਪ ਸਿੰਘ ਦੀ ਅਗਵਾਈ ਹੇਠ ਸਥਾਨਕ ਪੁਲੀਸ ਪ੍ਰਸ਼ਾਸਨ ਵੱਲੋਂ ਆਜ਼ਾਦੀ ਦੇ ਅੰਮ੍ਰਿਤ ਮਹਾਤਸਵ ਤਹਿਤ ਤਿਰੰਗਾ ਯਾਤਰਾ ਕੱਢੀ ਗਈ। ਇਸ ਤਿਰੰਗਾ ਯਾਤਰਾ ਵਿੱਚ ਐੱਸਐੱਚਓ ਨਰਾਇਣਗੜ੍ਹ ਨਰਿੰਦਰ ਕੁਮਾਰ ਸਮੇਤ ਹੋਰ ਪੁਲੀਸ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਇਹ ਤਿਰੰਗਾ ਯਾਤਰਾ ਮਿਨੀ ਸਕੱਤਰੇਤ ਨਰਾਇਣਗੜ੍ਹ ਤੋਂ ਸ਼ੁਰੂ ਹੋ ਕੇ ਨੇਤਾ ਜੀ ਸੁਭਾਸ਼ ਚੌਕ, ਭੀਮ ਰਾਓ ਅੰਬੇਡਕਰ ਚੌਕ, ਮੇਨ ਬਾਜ਼ਾਰ, ਖੰਡਾ ਚੌਕ, ਅਗਰਸੇਨ ਚੌੌਕ ਤੋਂ ਹੁੰਦੀ ਹੋਈ ਮਿਨੀ ਸਕੱਤਰੇਤ ਵਿੱਚ ਸਮਾਪਤ ਹੋਈ। ਡੀਐੱਸਪੀ ਆਦਰਸ਼ ਦੀਪ ਸਿੰਘ ਨੇ ਕਿਹਾ ਕਿ ਹਰ ਘਰ ਤਿਰੰਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰੀ ਝੰਡੇ ਪ੍ਰਤੀ ਜਾਗਰੂਕਤਾ ਦੇ ਨਾਲ-ਨਾਲ ਨਾਗਰਿਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਇੱਕ ਨਿਵੇਕਲੀ ਮੁਹਿੰਮ ਹੈ। ਹਰ ਘਰ ਤਿਰੰਗਾ ਅਭਿਆਨ ਦਾ ਉਦੇਸ਼ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ ਤਾਂ ਜੋ ਉਹ ਦੇਸ਼ ਦੇ ਭਵਿੱਖ ਵਿੱਚ ਆਪਣਾ ਯੋਗਦਾਨ ਪਾ ਸਕਣ।
ਜੀਂਦ ਵਿੱਚ 3 ਲੱਖ ਘਰਾਂ ਉੱਤੇ ਲਹਿਰਾਵੇਗਾ ਤਿਰੰਗਾ
ਜੀਂਦ (ਮਹਾਂਵੀਰ ਮਿੱਤਲ): ਸੁਤੰਤਰਤਾ ਦੇ 75 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਮਨਾਏ ਜਾ ਰਹੇ ਆਜ਼ਾਦੀ ਅੰਮ੍ਰਿਤ ਮਹਾਉਤਸਵ ਦੇ ਤਹਿਤ ਜੀਂਦ ਜਿਲ੍ਹੇ ਵਿੱਚ ਤਿੰਨ ਲੱਖ ਤੋਂ ਵੱਧ ਕਮਰਸ਼ੀਅਲ ਅਤੇ ਰਿਹਾਇਸ਼ੀ ਮਕਾਨਾਂ ਉੱਤੇ ਤਿਰੰਗੇ ਲਹਿਰਾਏ ਜਾਣਗੇ। ਇਸ ਮੁਹਿੰਮ ਲਈ ਸਵਾ ਲੱਖ ਤਿਰੰਗੇ ਦੀ ਸਪਲਾਈ ਜੀਂਦ ਨੂੰ ਮਿਲ ਚੁੱਕੀ ਹੈ। ਇਨ੍ਹਾਂ ਵਿੱਚੋਂ 75 ਹਜ਼ਾਰ ਤਿਰੰਗੇ ਝੰਡੇ ਸਮੇਤ ਡੰਡੇ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਹਜ਼ਾਰ ਰਾਸ਼ਨ ਡਿੱਪੂਆਂ ਉੱਤੇ ਭਿਜਵਾ ਦਿੱਤੇ ਹਨ। ਜਦੋਂ ਕਿ ਸਿਅਸੀ ਅਤੇ ਸਮਾਜਿਕ ਸੰਗਠਨਾਂ ਨੂੰ ਵੀ ਲਗਪੱਗ 50 ਹਜ਼ਾਰ ਝੰਡੇ ਦੇ ਦਿੱਤੇ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਰ ਘਰ ਉੱਤੇ ਲਹਿਰਾਏ ਜਾਣ ਵਾਲੇ ਤਿਰੰਗੇ ਝੰਡੇ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਯਤਨ ਰਹੇਗਾ ਕਿ ਕਿਸੇ ਨੂੰ ਵੀ ਤਿਰੰਗਾ ਝੰਡਾ ਲੈਣ ਵਿੱਚ ਕੋਈ ਕਠਿਨਾਈ ਨਾ ਆਵੇ।