ਪੱਤਰ ਪ੍ਰੇਰਕ
ਕਾਲਾਂਵਾਲੀ, 6 ਅਗਸਤ
ਪਿੰਡ ਬੱਪਾਂ ਵਿੱਚ ਅੱਜ ਇੱਕ ਨੌਜਵਾਨ ਨੇ ਨਸ਼ੇ ਦੀ ਹਾਲਤ ’ਚ ਚਾਚੇ ਦਾ ਕਤਲ ਕਰ ਕੇ ਆਪਣੇ ਸਾਥੀ ਦੀ ਮਦਦ ਨਾਲ ਉਸ ਦੀ ਲਾਸ਼ ਘੱਗਰ ਦਰਿਆ ਵਿੱਚ ਸੁੱਟ ਦਿੱਤੀ। ਪੁਲੀਸ ਨੇ ਮ੍ਰਿਤਕ ਸੋਹਨ ਸਿੰਘ ਦੀ ਲਾਸ਼ ਬਰਾਮਦ ਕਰ ਕੇ ਉਸ ਦੇ ਭਤੀਜੇ ਗੁਰਜਾਬ ਸਿੰਘ ਅਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸੋਹਨ ਸਿੰਘ ਆਟੋ ਚਲਾਉਂਦਾ ਸੀ। ਪਿਛਲੇ ਤਿੰਨ ਦਿਨਾਂ ਤੋਂ ਉਹ ਘਰ ਨਹੀਂ ਪਰਤਿਆ। ਭਾਲ ਦੌਰਾਨ ਪਰਿਵਾਰ ਤੇ ਪੁਲੀਸ ਨੂੰ ਸੋਹਨ ਸਿੰਘ ਦਾ ਆਟੋ ਮਿਲਿਆ, ਜਿਸ ’ਤੇ ਖੂਨ ਲੱਗਾ ਹੋਇਆ ਸੀ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਤਿੰਨ ਦਿਨ ਪਹਿਲਾਂ ਸੋਹਨ ਸਿੰਘ ਨੇ ਆਪਣੇ ਭਤੀਜੇ ਗੁਰਬਾਜ ਸਿੰਘ ਅਤੇ ਉਸ ਦੇ ਦੋਸਤਾਂ ਨਾਲ ਸ਼ਰਾਬ ਪੀਤੀ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਵਿਚਾਲੇ ਲੜਾਈ ਹੋ ਗਈ। ਨਸ਼ੇ ਵਿੱਚ ਉਨ੍ਹਾਂ ਸੋਹਨ ਸਿੰਘ ਦਾ ਕਤਲ ਕਰ ਕੇ ਉਸ ਦੀ ਲਾਸ਼ ਆਟੋ ਰਾਹੀਂ ਘੱਗਰ ਵਿੱਚ ਸੁੱਟ ਦਿੱਤੀ।