ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 2 ਫਰਵਰੀ
ਸੰਘਣੀ ਧੁੰਦ ਕਾਰਨ ਸ਼ਾਹਬਾਦ ਨਲਵੀ ਪੁਲ ਤੇ ਦੋ ਟਰਾਲਿਆਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਕਾਰਨ ਦੋਵਾਂ ਟਰਾਲਿਆਂ ਦੇ ਚਾਲਕ ਤੇ ਕਲੀਨਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਵਾਹਨਾਂ ਦਾ ਸਾਹਮਣਾ ਪਾਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸੇ ਦੌਰਾਨ ਇਕ ਟਰਾਲੇ ਦੀ ਡੀਜ਼ਲ ਵਾਲੀ ਟੈਂਕੀ ਪਾੜ ਜਾਣ ਕਾਰਨ ਸੜਕ ’ਤੇ ਡੀਜ਼ਲ ਫੈਲ ਗਿਆ। ਗ਼ਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਵਾਹਨ ਨੂੰ ਅੱਗ ਨਹੀਂ ਲੱਗੀ।
ਇਸ ਹਾਦਸੇ ਵਿਚ ਇਕ ਟਰਾਲਾ ਚਾਲਕ ਨੇਤ ਰਾਮ ਟਰਾਲੇ ਦੀ ਚੈਸੀ ਵਿਚ ਬੁਰੀ ਤਰ੍ਹਾਂ ਫਸ ਗਿਆ ਸੀ। ਉਸ ਨੂੰ ਕੱਢਣ ਲਈ ਪੁਲੀਸ ਦੇ ਨਾਲ ਨਾਲ ਹੋਰ ਗੱਡੀਆਂ ਦੇ ਚਾਲਕਾਂ ਤੇ ਆਮ ਲੋਕਾਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਕਰੀਬ ਤਿੰਨ ਘੰਟੇ ਮਿਹਨਤ ਕਰਨ ਤੋਂ ਬਾਅਦ ਚਾਲਕ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਉਸ ਨੂੰ ਕੁਰੂਕਸ਼ੇਤਰ ਦੇ ਐਲਐਨਜੇਪੀ ਹਸਪਤਾਲ ਭੇਜ ਦਿੱਤਾ ਗਿਆ। ਦੂਜੇ ਟਰਾਲੇ ਦੇ ਚਾਲਕ ਮਹਿੰਦਰ ਤੇ ਪੁਖ ਰਾਜ ਨੂੰ ਵੀ ਗੰਭੀਰ ਸੱਟਾਂ ਲਗੀਆਂ।
ਜ਼ਿਕਰਯੋਗ ਹੈ ਕਿ ਰਾਜਸਥਾਨ ਵਾਸੀ ਨੇਤ ਰਾਮ ਰਾਜਸਥਾਨ ਤੋਂ ਕੋਟਾ ਸਟੋਨ ਲੈ ਕੇ ਪੰਚਕੂਲਾ ਜਾ ਰਿਹਾ ਸੀ ਦੂਜਾ ਟਰਾਲਾ ਲੋਹੇ ਨਾਲ ਭਰਿਆ ਮੁਹਾਲੀ ਤੋਂ ਰਾਜਸਥਾਨ ਜਾ ਰਿਹਾ ਸੀ। ਜਖਮੀ ਨੇਤ ਰਾਮ ਨੇ ਦੱਸਿਆ ਕਿ ਇਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਮੌਕੇ ਧੁੰਦ ਕਾਰਨ ਹਾਦਸਾ ਹੋ ਗਿਆ। ਨਲਵੀ ਪੁਲ ’ਤੇ ਹਾਦਸਾ ਹੋਣ ਤੋਂ ਬਾਅਦ ਲੰਬਾ ਜਾਮ ਲੱਗ ਗਿਆ। ਮੁੜ ਆਵਾਜਾਈ ਸ਼ੁਰੂ ਕਰਨ ਵਿੱਚ ਪੁਲੀਸ ਨੂੰ ਕਾਫ਼ੀ ਸਮਾਂ ਲੱਗ ਗਿਆ।