ਪੱਤਰ ਪ੍ਰੇਰਕ
ਕੁਰੂਕਸ਼ੇਤਰ, 25 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਦੇ ਸੀਨੀਅਰ ਅਹੁਦੇਦਾਰ ਕੰਵਲਜੀਤ ਸਿੰਘ ਅਜਰਾਣਾ ਤੋਂ ਜ਼ਮੀਨ ਦਿਵਾਉਣ ਬਦਲੇ ਕਥਿਤ ਤੌਰ ’ਤੇ ਪੈਸੇ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਵਿੱਚ ਪੁਲੀਸ ਨੇ ਅਮਰਜੀਤ ਸਿੰਘ ਵਾਸੀ ਪਿੰਡ ਜੋਗਨਾਖੇੜਾ ਅਤੇ ਗੁਰਲਾਲ ਸਿੰਘ ਵਾਸੀ ਨਿਸਿੰਗ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੰਵਲਜੀਤ ਸਿੰਘ ਅਜਰਾਣਾ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਮੀਨ ਪਿੰਡ ਨਗਾਵਾਂ, ਤਹਿਸੀਲ ਨਰਾਇਣਗੜ੍ਹ ਜ਼ਿਲ੍ਹਾ ਅੰਬਾਲਾ ਵਿੱਚ ਵੇਚ ਕੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਬਾਰਨਾ ਵਿੱਚ ਕੁਝ ਜ਼ਮੀਨ ਖਰੀਦੀ ਸੀ। ਜ਼ਮੀਨ ਖਰੀਦਣ ਤੋਂ ਪਹਿਲਾਂ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰਵਾਈ ਤਾਂ ਇਸ ‘ਤੇ ਕੋਈ ਮੁਕੱਦਮਾ ਨਹੀਂ ਸੀ। ਜ਼ਮੀਨ ਵੇਚਣ ਵਾਲੀ ਧਿਰ ਇੰਗਲੈਂਡ ਵਿੱਚ ਰਹਿੰਦੀ ਹੈ। ਜਦੋਂ ਉਸ ਨੇ ਇਹ ਜ਼ਮੀਨ ਖਰੀਦੀ ਤਾਂ ਇਕ ਵਿਅਕਤੀ ਅਮਰਜੀਤ ਸਿੰਘ ਉਸ ਦੇ ਦਫ਼ਤਰ ਵਿੱਚ ਆਇਆ ਤੇ ਉਸ ਤੋਂ 5 ਲੱਖ ਰੁਪਏ ਦੀ ਰਕਮ ਮੰਗੀ ਅਤੇ ਰਕਮ ਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜ਼ਮੀਨ ਨੂੰ ਲੈ ਕੇ ਕੋਈ ਝਗੜਾ ਨਾ ਹੋਣ ਕਾਰਨ ਅਜਰਾਣਾ ਨੇ ਉਸ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ। ਕਵਲਜੀਤ ਅਨੁਸਾਰ ਅਮਰਜੀਤ ਸਿੰਘ ਆਪਣੇ ਸਾਥੀ ਗੁਰਲਾਲ ਸਿੰਘ ਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ ਕਰ ਰਿਹਾ ਹੈ। ਕੰਵਲਜੀਤ ਸਿੰਘ ਅਜਰਾਣਾ ਨੇ ਐੱਸਪੀ ਕੁਰੂਕਸ਼ੇਤਰ ਤੋਂ ਮੰਗ ਕੀਤੀ ਕਿ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਪੁਲੀਸ ਸੁਪਰਡੈਂਟ ਦੀਆਂ ਹਦਾਇਤਾਂ ‘ਤੇ ਸੀਆਈਏ ਸਟਾਫ਼ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤੀ ਗਿਆ ਹੈ।