ਪ੍ਰਭੂ ਦਿਆਲ
ਸਿਰਸਾ, 8 ਜਨਵਰੀ
ਮੁੰਬਈ ਤੋਂ ਸਿਰਸਾ ਆਏ ਪਰਿਵਾਰ ਦੇ ਦੋ ਜੀਅ ਓਮੀਕਰੋਨ ਪਾਜ਼ੇਟਿਵ ਮਿਲੇ ਹਨ। ਓਮੀਕਰੋਨ ਪਾਜ਼ੇਟਿਵ ਮਿਲੇ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਹੋਰ ਲੋਕਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 65 ਹੋ ਗਈ ਹੈ ਜਿਨ੍ਹਾਂ ’ਚੋਂ 60 ਕੇਸ ਐਕਟਿਵ ਹਨ। ਡਿਪਟੀ ਸਿਵਲ ਸਰਜਨ ਡਾ. ਬੁੱਧ ਰਾਮ ਨੇ ਦੱਸਿਆ ਕਿ ਪਿਛਲੇ ਦਿਨੀਂ ਮੁੰਬਈ ਤੋਂ ਇੱਕ ਪਰਿਵਾਰ ਸਿਰਸਾ ਆਇਆ ਸੀ, ਜਿਸ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸਨ। ਭੇਜੇ ਗਏ ਨਮੂਨਿਆਂ ਦੀ ਰਿਪੋਰਟ ਵਿੱਚ ਪਰਿਵਾਰ ਦੇ ਦੋ ਜੀਆਂ ਦੀ ਰਿਪੋਰਟ ਓਮੀਕਰੋਨ ਪਾਜ਼ੇਟਿਵ ਮਿਲੀ ਹੈ। ਉਨ੍ਹਾਂ ਦੱਸਿਆ ਹੈ ਕਿ ਓਮੀਕਰੋਨ ਪਾਜ਼ੇਟਿਵ ਮਿਲੇ ਵਿਅਕਤੀਆਂ ਦੀ ਸਿਹਤ ਠੀਕ ਹੈ। ਇਨ੍ਹਾਂ ਦੇ ਸੰਪਰਕ ਵਿੱਚ ਆਏ ਹੋਰ ਲੋਕਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਬਿਨਾਂ ਮਾਸਕ ਦੇ ਘਰੋਂ ਬਾਹਰ ਨਾ ਨਿਕਲਣ ਤੇ ਜਿਹੜੇ ਲੋਕਾਂ ਨੇ ਹਾਲੇ ਤੱਕ ਵੈਕਸੀਨ ਨਹੀਂ ਲਗਵਾਈ, ਉਹ ਜ਼ਰੂਰ ਲਗਵਾ ਲੈਣ।
ਸਿਰਸਾ ਵਿੱਚ ਕੋਵਿਡ ਬਾਰ ਰੂਮ ਅਤੇ ਕੰਟਰੋਲ ਰੂਮ ਸਥਾਪਤ
ਸਿਰਸਾ: ਜ਼ਿਲ੍ਹੇ ਵਿੱਚ ਵਧ ਰਹੇ ਕਰੋਨਾ ਪਾਜ਼ੇਟਿਵ ਕੇਸਾਂ ਦੇ ਮੱਦੇਨਜ਼ਰ ਸਿਰਸਾ ’ਚ ਕੋਵਿਡ ਬਾਰ ਰੂਮ ਤੇ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਡੀਸੀ ਅਨੀਸ਼ ਯਾਦਵ ਨੇ ਸਥਾਪਤ ਰੂਮਾਂ ਦਾ ਨਿਰੀਖਣ ਕੀਤਾ। ਸਰਕਾਰੀ ਪੋਲੀਟੈਕਨਿਕ ਕਾਲਜ (ਮਹਿਲਾ) ’ਚ ਕੋਵਿਡ ਰੂਮ ਤੇ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਕੰਟਰੋਲ ਰੂਮਾਂ ਦਾ ਨਿਰੀਖਣ ਕੀਤਾ। ਇਸ ਮੌਕੇ ਡਿਪਟੀ ਸਿਵਲ ਸਰਜਨ ਡਾ. ਵਿਪੁਲ ਗੁਪਤਾ, ਡੀਈਈਓ ਆਤਮ ਪ੍ਰਕਾਸ਼ ਤੇ ਡੀਪੀਸੀ ਬੂਟਾ ਰਾਮ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਆਕਸੀਜਨ ਪਲਾਂਟ ਦਾ ਵੀ ਨਿਰੀਖਣ ਕੀਤਾ ਤੇ ਅਧਿਕਾਰੀਆਂ ਨੂੰ ਪੂਰੀ ਮਾਤਰਾ ਵਿੱਚ ਆਕਸੀਜਨ ਦਾ ਸਟਾਕ ਰੱਖਣ ਦੀ ਹਦਾਇਤ ਕੀਤੀ।