ਪੱਤਰ ਪ੍ਰੇਰਕ
ਯਮੁਨਾਨਗਰ, 30 ਅਕਤੂਬਰ
ਪੁਲੀਸ ਸੁਪਰਡੈਂਟ ਮੋਹਿਤ ਹਾਂਡਾ ਦੀ ਅਗਵਾਈ ਹੇਠ ਕੰਮ ਕਰਦੇ ਹੋਏ ਕ੍ਰਾਈਮ ਬ੍ਰਾਂਚ-2 ਦੀ ਟੀਮ ਨੇ ਥਾਣਾ ਛੱਪਰ ਅਧੀਨ ਪੈਂਦੇ ਪਿੰਡ ਬਾਲ ਛੱਪਰ ’ਚ ਗੋਲੀ ਚਲਾਉਣ ਦੇ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਕੀਤਾ ਹੈ। ਪੁਲੀਸ ਨੇ ਬਲਬੀਰ ਸਿੰਘ ਅਤੇ ਕੋਮਿਨ ਕੁਮਾਰ ਵਾਸੀ ਪਿੰਡ ਬਾਲ ਛੱਪਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਅਨੁਰਾਧਾ ਦੇ ਘਰ ਦੀ ਵੀਡੀਓ ਬਣਾ ਕੇ ਸ਼ੂਟਰਾਂ ਨੂੰ ਭੇਜੀ ਸੀ। ਇਸ ਤੋਂ ਪਹਿਲਾਂ ਪਿੰਡ ਬਾਲ ਛੱਪਰ ਦੇ ਹੀ ਗੁਰਪ੍ਰੀਤ ਅਤੇ ਅਨਿਲ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਪੁਲੀਸ ਨੇ ਚਾਰਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਸੀਆਈਏ ਟੀਮ ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਬਾਲ ਛੱਪਰ ਦੇ ਰਹਿਣ ਵਾਲੇ ਲਾਲ ਦਾਸ ਦੀ ਪਤਨੀ ਅਨੁਰਾਧਾ ਸਰਪੰਚ ਦੇ ਅਹੁਦੇ ਲਈ ਉਮੀਦਵਾਰ ਵੱਜੋਂ ਚੋਣ ਮੈਦਾਨ ਵਿੱਚ ਸੀ। ਪਿੰਡ ਵਿੱਚ ਅਨੁਸੂਚਿਤ ਜਾਤੀ ਦੇ ਸਰਪੰਚ ਦੇ ਅਹੁਦੇ ਦੀ ਸੀਟ ਰਾਖਵੀਂ ਹੈ। 17 ਅਕਤੂਬਰ ਦੀ ਰਾਤ ਕਰੀਬ 11 ਵਜੇ ਲਾਲ ਦਾਸ ਅਤੇ ਉਸ ਦੀ ਪਤਨੀ ਅਨੁਰਾਧਾ ਗੇਟ ਕੋਲ ਆਪਣੇ ਘਰ ਦੇ ਅੰਦਰ ਖੜ੍ਹੇ ਸਨ ਅਤੇ ਗੇਟ ਬੰਦ ਸੀ। ਉਸੇ ਸਮੇਂ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ਪਿੱਛੇ ਬੈਠੇ ਵਿਅਕਤੀ ਨੇ ਲਾਲ ਦਾਸ ਅਤੇ ਉਸ ਦੀ ਪਤਨੀ ਅਨੁਰਾਧਾ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾ ਦਿੱਤੀਆਂ। ਪੰਜ ਗੋਲੀਆਂ ਲੋਹੇ ਦੇ ਗੇਟ ’ਤੇ ਲੱਗੀਆਂ। ਜਦੋਂ ਗੁਆਂਢੀ ਇਕੱਠੇ ਹੋਣ ਲੱਗੇ ਤਾਂ ਉਹ ਫਰਾਰ ਹੋ ਗਏ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਵਾਰਦਾਤ ਬਾਲ ਛੱਪਰ ਦੇ ਰਹਿਣ ਵਾਲੇ ਦਲਜੀਤ ਨੇ ਕਰਵਾਈ ਹੈ, ਜੋ ਕਿ ਇਸ ਸਮੇਂ ਅਮਰੀਕਾ ਵਿੱਚ ਰਹਿ ਰਿਹਾ ਹੈ। ਉਸ ਨੇ ਪਿੰਡ ਵਿੱਚ ਸਰਦਾਰੀ ਕਾਇਮ ਰੱਖਣ ਲਈ ਇਹ ਅਪਰਾਧ ਕਰਵਾਇਆ।