ਪੱਤਰ ਪ੍ਰੇਰਕ
ਗੂਹਲਾ ਚੀਕਾ, 21 ਜੂਨ
ਬੀਤੀ ਰਾਤ ਗੂਹਲਾ ਦੇ ਪਿੰਡ ਸਲੇਮਪੁਰ ਵਿੱਚ ਬਿਜਲੀ ਦਾ ਕਰੰਟ ਲੱਗਣ ਕਾਰਨ 5 ਵਿਅਕਤੀ ਝੁਲਸ ਗਏ। ਝੁਲਸੇ ਦੋ ਵਿਅਕਤੀ ਰਾਮ ਕੁਮਾਰ(39) ਅਤੇ ਜਗਸੀਰ(17) ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਸ ਵਿੱਚ ਪਿਓ-ਪੁੱਤ ਦੱਸੇ ਜਾਂਦੇ ਹਨ। ਮ੍ਰਿਤਕ ਰਾਮ ਕੁਮਾਰ ਦੀ ਪਤਨੀ ਦੀ ਵੀ ਕਰੀਬ ਸਾਲ ਪਹਿਲਾਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੋਵੇਂ ਪਿਓ-ਪੁੱਤ ਆਪਣੇ ਖੇਤ ਵਿੱਚ ਬਿਜਲੀ ਦੀ ਮੋਟਰ ਲਾ ਰਹੇ ਸਨ ਅਤੇ ਉਨ੍ਹਾਂ ਨਾਲ ਤਿੰਨ ਹੋਰ ਵਿਅਕਤੀ ਕੰਮ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪੰਜੇ ਲੋਕਾਂ ਨੂੰ ਕਰੰਟ ਲੱਗ ਗਿਆ ਅਤੇ ਉਹ ਬੁਰੀ ਤਰ੍ਹਾਂ ਝੁਲਸ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਨੂੰ ਕੈਥਲ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਬਪੂ ਸੀੜਾ, ਗੋਲਡੀ ਅਤੇ ਸੰਜੀਵ ਦੇ ਪੈਰ ਝੁਲਸ ਗਏ ਹਨ ਤੇ ਇਨਾਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ।