ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 8 ਅਕਤੂਬਰ
ਅੰਬਾਲਾ-ਕਾਲਾ ਅੰਬ ਅਤੇ ਅੰਬਾਲਾ-ਮੁਹਾਲੀ ਗਰੀਨ ਫੀਲਡ ਐਕਸਪ੍ਰੈੱਸਵੇਅ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਟਵੀਟ ਕਰ ਕੇ ਸਾਂਝੀ ਕੀਤੀ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਟਵੀਟ ਕਰ ਕੇ ਦੋਵਾਂ ਪ੍ਰਾਜੈਕਟਾਂ ਦੀ ਮਨਜ਼ੂਰੀ ਲਈ ਗਡਕਰੀ ਦਾ ਧੰਨਵਾਦ ਕੀਤਾ ਹੈ। ਵਿੱਜ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਲਈ 1183.70 ਕਰੋੜ ਰੁਪਏ ਦੀ ਮਨਜ਼ੂਰੀ ਮਿਲੀ ਹੈ ਅਤੇ ਦੋਵੇਂ ਐਕਸਪ੍ਰੈੱਸਵੇਅ ਬਣਨ ਨਾਲ ਅੰਬਾਲਾ ਦੀ ਕੁਨੈਕਟਿਵਟੀ ਹੋਰ ਵਧੀਆ ਹੋ ਜਾਵੇਗੀ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ 31 ਕਿੱਲੋਮੀਟਰ ਲੰਬਾ ਨਵਾਂ ਅੰਬਾਲਾ-ਮੁਹਾਲੀ ਹਾਈਵੇਅ ਬਣਾਇਆ ਜਾ ਰਿਹਾ ਹੈ। ਇਹ ਹਾਈਵੇਅ 6-ਮਾਰਗੀ ਹੋਵੇਗਾ ਜਦੋਂ ਕਿ ਅੰਬਾਲਾ-ਕਾਲਾ ਅੰਬ 33 ਕਿੱਲੋਮੀਟਰ ਲੰਬਾ ਹੋਵੇਗਾ ਜੋ ਅੰਬਾਲਾ ਰਿੰਗ ਰੋਡ ਤੋਂ ਸ਼ੁਰੂ ਹੋਵੇਗਾ। ਇਸ ਚਾਰਮਾਰਗੀ ਹਾਈਵੇਅ ’ਤੇ ਦੋ ਵੱਡੇ ਪੁਲ ਅਤੇ ਕਈ ਛੋਟੇ ਪੁਲ ਬਣਨਗੇ। ਇਸ ਤੋਂ ਬਿਨਾਂ 15 ਅੰਡਰ ਪਾਸ ਬਣਨਗੇ ਅਤੇ ਹਾਈਵੇਅ ’ਤੇ ਚੜ੍ਹਨ ਲਈ ਹਰ ਪਿੰਡ ਵਿੱਚੋਂ ਵੱਖਰਾ ਰਸਤਾ ਬਣਾਇਆ ਜਾਵੇਗਾ।