ਰਤਨ ਸਿੰਘ ਢਿੱਲੋਂ
ਅੰਬਾਲਾ, 17 ਦਸੰਬਰ
ਸੀਆਈਏ-2 ਦੀ ਟੀਮ ਨੇ ਕੱਲ੍ਹ ਅਤੇ ਅੱਜ ਦੋ ਦਿਨਾਂ ਵਿੱਚ ਕਾਸਮੈਟਿਕ ਦਾ ਨਕਲੀ ਸਾਮਾਨ ਬਣਾਉਣ ਵਾਲੀਆਂ ਦੋ ਫੈਕਟਰੀਆਂ ਫੜੀਆਂ ਹਨ।
ਸੀਆਈਏ ਦੀ ਟੀਮ ਨੇ ਇੰਚਾਰਜ ਵਰਿੰਦਰ ਵਾਲੀਆ ਦੀ ਅਗਵਾਈ ਵਿੱਚ ਅੱਜ ਦੁਪਹਿਰੇ 2.30 ਵਜੇ ਜੀਟੀ ਰੋਡ ’ਤੇ ਮੌਹੜਾ ਸਥਿਤ ਸ੍ਰੀ ਕ੍ਰਿਸ਼ਨ ਕਿਰਪਾ ਗਊਸ਼ਾਲਾ ਧਰਮ ਅਰਥ ਟਰੱਸਟ ਦੇ ਕੋਲ ਖੇਤਾਂ ਵਿੱਚ ਬਣੀ ਆਕਾਸ਼ ਕਾਸਮੈਟਿਕ ਨਾਂ ਦੀ ਫ਼ੈਕਟਰੀ ਵਿੱਚ ਛਾਪਾ ਮਾਰ ਕੇ ਭਾਰੀ ਮਾਤਰਾ ਵਿਚ ਹੈੱਡ ਐਂਡ ਸ਼ੋਲਡਰ, ਕਲੀਨਿਕ ਪਲਸ, ਸਨ ਸਿਲਕ ਦਾ ਪੈਕਿੰਗ ਮਟੀਰੀਅਲ, ਲੱਖਾਂ ਰੁਪਏ ਦਾ ਰਾਅ ਮਟੀਰੀਅਲ ਅਤੇ ਮਸ਼ੀਨਾਂ ਬਰਾਮਦ ਕੀਤੀਆਂ ਹਨ ਅਤੇ ਮੌਕੇ ਤੋਂ ਫ਼ੈਕਟਰੀ ਮਾਲਕ ਦੇ ਬੇਟੇ ਨੂੰ ਗ੍ਰਿਫ਼ਤਾਰ ਕੀਤਾ ਹੈ। ਵਾਲੀਆ ਨੇ ਡਰੱਗ ਕੰਟਰੋਲ ਅਧਿਕਾਰੀ ਸੁਨੀਲ ਦਹੀਆ ਨੂੰ ਵੀ ਮੌਕੇ ’ਤੇ ਬੁਲਾਇਆ। ਨਕਲੀ ਸ਼ੈਂਪੂ ਬਣਾਉਣ ਵਾਲੀ ਇਹ ਤਿੰਨ ਸਾਲ ਪੁਰਾਣੀ ਫ਼ੈਕਟਰੀ ਹੈ। ਸੂਚਨਾ ਮਿਲਦਿਆਂ ਹੀ ਹਿੰਦੋਸਤਾਨ ਯੂਨੀਲੀਵਰ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਦਹੀਆ ਨੇ ਦੱਸਿਆ ਕਿ ਰਾਅ ਮਟੀਰੀਅਲ ਜ਼ਬਤ ਕਰ ਕੇ ਫੈਕਟਰੀ ਸੀਲ ਕਰ ਦਿੱਤੀ ਜਾਵੇਗੀ।
ਕੱਲ੍ਹ ਵੀ ਸੀਆਈਏ-2 ਅੰਬਾਲਾ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸਬ ਇੰਸਪੈਕਟਰ ਵਰਿੰਦਰ ਕੁਮਾਰ ਦੀ ਅਗਵਾਈ ਵਿੱਚ ਛਾਪਾ ਮਾਰ ਕੇ ਅੰਬਾਲਾ ਦੇ ਛੋਟਾ ਖੁੱਡਾ ਦੇ ਕੋਲ ਕਾਸਮੈਟਿਕ ਦਾ ਜਾਅਲੀ ਸਾਮਾਨ ਬਣਾਉਣ ਵਾਲੀ ਫ਼ੈਕਟਰੀ ਫੜੀ ਸੀ। ਇੱਥੋਂ ਵੀ ਪੁਲੀਸ ਨੇ ਭਾਰੀ ਮਾਤਰਾ ਵਿੱਚ ਬਣਿਆ ਹੋਇਆ ਜਾਅਲੀ ਸਾਮਾਨ ਅਤੇ ਸਾਮਾਨ ਬਣਾਉਣ ਲਈ ਰੱਖਿਆ ਤਰਲ ਪਦਾਰਥ ਬਰਾਮਦ ਕੀਤਾ। ਪੁਲੀਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਰਾਮ ਨਿਵਾਸੀ ਸੋਨੀਆ ਕਲੋਨੀ ਮਹੇਸ਼ ਨਗਰ ਅੰ.ਛਾਉਣੀ ਅਤੇ ਭੁਪਿੰਦਰ ਨਿਵਾਸੀ ਡਿਫੈਂਸ ਕਲੋਨੀ ਨੂੰ ਗ੍ਰਿਫ਼ਤਾਰ ਕਰਕੇ ਮਹੇਸ਼ ਨਗਰ ਥਾਣੇ ਵਿਚ ਮਾਮਲਾ ਦਰਜ ਕੀਤਾ ਹੈ।