ਪ੍ਰਭੂ ਦਿਆਲ
ਸਿਰਸਾ, 17 ਜੁਲਾਈ
ਇੱਥੋਂ ਦੇ ਚਤਰਗੜ੍ਹ ਪੱਟੀ ਸਥਿਤ ਜਲਘਰ ਦੀ ਡਿੱਗੀ ’ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਚਤਰਗੜ੍ਹ ਪੱਟੀ ਵਾਸੀ ਛੇ ਸਾਲਾ ਸੁਧਾਂਸ਼ੂ ਅਤੇ ਨੌਂ ਸਾਲਾ ਮਨੀਸ਼ ਚਚੇਰੇ ਭਰਾ ਸਨ। ਦੋਵਾਂ ਦੇ ਘਰ ਜਲਘਰ ਦੀ ਡਿੱਗੀ ਨੇੜੇ ਹਨ। ਦੱਸਿਆ ਗਿਆ ਹੈ ਕਿ ਸਕੂਲ ਦੀ ਛੁੱਟੀ ਮਗਰੋਂ ਦੋਵੇਂ ਜਲਘਰ ਦੀ ਡਿੱਗੀ ਨੇੜੇ ਖੇਡਣ ਲੱਗ ਗਏ। ਪਰਿਵਾਰਕ ਮੈਂਬਰ ਉਨ੍ਹਾਂ ਨੂੰ ਲੈਣ ਲਈ ਗਏ ਤਾਂ ਦੋਵੇਂ ਪਾਣੀ ਦੀ ਡਿੱਗੀ ’ਚ ਹੱਥ-ਪੈਰੇ ਮਾਰਦੇ ਦੇਖੇ ਗਏ ਜਿਸ ਮਗਰੋਂ ਤੁਰੰਤ ਰੌਲਾ ਪਾਉਣ ਮਗਰੋਂ ਲੋਕਾਂ ਵੱਲੋਂ ਉਨ੍ਹਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਦੋਵਾਂ ਪਰਿਵਾਰਾਂ ’ਚ ਮਾਤਮ ਛਾ ਗਿਆ। ਸੁਧਾਂਸ਼ੂ ਸਕੂਲ ’ਚ ਦੂਜੀ ਜਮਾਤ ’ਚ ਪੜ੍ਹਦਾ ਸੀ ਜਦੋਂਕਿ ਮਨੀਸ਼ ਕੇਂਦਰੀ ਵਿਦਿਆਲਾ ’ਚ ਤੀਜੀ ਜਮਾਤ ’ਚ ਪੜ੍ਹਦਾ ਸੀ।