ਗੂਹਲਾ ਚੀਕਾ (ਪੱਤਰ ਪ੍ਰੇਰਕ): ਇੱਥੋਂ ਦੇ ਵਾਰਡ ਨੰਬਰ 17 ਵਿੱਚ ਸਥਿਤ ਨਵੀਂ ਸਬਜ਼ੀ ਮੰਡੀ ਵਿੱਚ ਅੱਜ ਇੱਕ ਟਰੱਕ ਡਰਾਈਵਰ ਦੀ ਲਾਪ੍ਰਵਾਹੀ ਨੇ ਦੋ ਬੱਚਿਆਂ ਦੀ ਜਾਨ ਲੈ ਲਈ। ਮਰਨ ਵਾਲੇ ਬੱਚਿਆਂ ਦੀ ਪਛਾਣ ਅੰਸ਼ੂ (6) ਅਤੇ ਮਨਸ਼ੂ (4) ਵਜੋਂ ਹੋਈ ਹੈ। ਬਸਤੀ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਪੰਜ ਭੈਣ-ਭਰਾ ਸਨ, ਜਿਨ੍ਹਾਂ ਪਿੱਛੋਂ ਹੁਣ ਤਿੰਨ ਭੈਣਾਂ ਰਹਿ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਨਵੀਂ ਸਬਜ਼ੀ ਮੰਡੀ ਨੇੜੇ ਡੇਹਾ ਬਸਤੀ ਹੈ ਤੇ ਅੱਜ ਸਵੇਰੇ ਇੱਕ ਟਰੱਕ ਚਾਲਕ ਆਪਣੇ ਟਰੱਕ ਵਿੱਚ ਸਾਮਾਨ ਲੈ ਕੇ ਆਇਆ ਤਾਂ ਨੇੜੇ ਹੀ ਛੋਟੇ ਬੱਚੇ ਖੇਡ ਰਹੇ ਸਨ ਪਰ ਟਰੱਕ ਚਾਲਕ ਨੇ ਲਾਪ੍ਰਵਾਹੀ ਨਾਲ ਖੇਡਦਿਆਂ ਬੱਚਿਆਂ ’ਤੇ ਟਰੱਕ ਚੜ੍ਹਾ ਦਿੱਤਾ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਚੀਕਾ ਥਾਣਾ ਮੁਖੀ ਲਹਿਣਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੀ ਮਾਂ ਰੇਖਾ ਰਾਣੀ ਦੀ ਸ਼ਿਕਾਇਤ ’ਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ, ਜਦੋਂਕਿ ਉਸ ਦਾ ਇੱਕ ਸਾਥੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ।