ਸਰਬਜੋਤ ਸਿੰਘ ਦੁੱਗਲ
ਕਰਨਾਲ, 11 ਫਰਵਰੀ
ਇੱਥੇ ਅੱਜ ਇਥੇ ਮੇਰਠ ਰੋਡ ’ਤੇ ਦਰਦਨਾਕ ਸੜਕ ਹਾਦਸਾ ਹੋ ਗਿਆ। ਉਲਟ ਪਾਸੇ ਤੋਂ ਕਾਰ ਦੀ ਟੱਕਰ ਨਾਲ ਇੱਕ ਗੱਡੀ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਖੰਭੇ ਨਾਲ ਭਿੜ ਗਈ। ਹਾਦਸੇ ਵਿੱਚ ਕਾਰ ਪਲਟ ਗਈ, ਜਦੋਂ ਕਿ ਖੰਭਾ ਟੁੱਟ ਕੇ ਗੱਡੀ ’ਤੇ ਡਿੱਗ ਪਿਆ। ਹਾਦਸੇ ਵਿੱਚ ਸ਼ੂਗਰ ਮਿਲ ਦੇ ਲੀਗਲ ਐਡਵਾਈਜ਼ਰ ਰਮਨ ਕੁਮਾਰ (38) ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵੀਰਵਾਰ ਦੇਰ ਰਾਤ ਵਾਪਰਿਆ। ਪੁਲੀਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਟੱਕਰ ਮਾਰਨ ਵਾਲੀ ਗੱਡੀ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਸੈਕਟਰ-5 ਨਿਵਾਸੀ ਪ੍ਰਵੀਨ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਰਮਨ ਸ਼ੁਗਰ ਮਿਲ ਕਰਨਾਲ ਵਿੱਚ ਲੀਗਲ ਐਡਵਾਈਜ਼ਰ ਸੀ। ਵੀਰਵਾਰ ਸ਼ਾਮ ਉਸ ਦਾ ਭਰਾ ਆਪਣੇ ਕਿਸੇ ਦੋਸਤ ਦੇ ਵਿਆਹ ਵਿੱਚ ਸ਼ੂਗਰ ਮਿਲ ਗਿਆ ਸੀ। ਉਹ ਰਾਤ ਨੂੰ ਕਰੀਬ 12 ਵਜੇ ਸ਼ੂਗਰ ਮਿਲ ਤੋਂ ਵਾਪਸ ਘਰ ਜਾਣ ਲਈ ਨਿਕਲਿਆ ਸੀ। ਜਦੋਂ ਉਹ ਆਪਣੀ ਕਾਰ ਵਿੱਚ ਐੱਮਆਈਟੀਸੀ ਆਫਿਸ ਦੇ ਸਾਹਮਣੇ ਪਹੁੰਚਿਆ, ਤਾਂ ਸਾਹਮਣੇ ਤੋਂ ਗਲਤ ਪਾਸੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਦੇ ਡਰਾਈਵਰ ਨੇ ਉਸ ਦੇ ਭਰਾ ਦੀ ਕਾਰ ਵਿੱਚ ਸਿੱਧੀ ਟੱਕਰ ਮਾਰ ਦਿੱਤੀ ਅਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ। ਉਸ ਦੇ ਭਰਾ ਨੂੰ ਰਾਹਗੀਰਾਂ ਦੀ ਸਹਾਇਤਾ ਨਾਲ ਬਾਹਰ ਕੱਢਿਆ, ਤਾਂ ਉਸ ਦੇ ਸਿਰ ਵਿੱਚ ਕਾਫ਼ੀ ਗਹਿਰੀ ਸੱਟ ਲੱਗੀ ਸੀ। ਸਿਰ ਅਤੇ ਕੰਨ ਵਿੱਚੋਂ ਖੂਨ ਆ ਰਿਹਾ ਸੀ। ਉਸ ਨੂੰ ਸ਼ੂਗਰ ਮਿਲ ਵਿੱਚ ਕੰਮ ਕਰਨ ਵਾਲੇ ਮੋਹਿਤ ਸੰਧੂ ਦੇ ਨਾਲ ਗੱਡੀ ਵਿੱਚ ਪਾ ਕੇ ਕਲਪਨਾ ਚਾਵਲਾ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਮਨ ਆਪਣੇ ਪਿੱਛੇ ਇੱਕ ਪੁੱਤਰ (8 ਸਾਲ) ਅਤੇ ਇੱਕ ਕੁੜੀ (14 ਸਾਲ) ਛੱਡ ਗਿਆ।
ਦਰੱਖਤ ਨਾਲ ਟਕਰਾਉਣ ’ਤੇ ਬੋਲੈਰੋ ਨੂੰ ਅੱਗ ਲੱਗੀ
ਟੋਹਾਣਾ (ਪੱਤਰ ਪ੍ਰੇਰਕ) : ਇਥੋਂ ਦੇ ਪਿੰਡ ਸਮੈਣ ਵਿੱਚ ਰਾਤ ਵਿਆਹ ਸਮਾਗਮ ਤੋਂ ਬਾਦ ਪਿੰਡ ਨਵਾਂ ਗਾਂਵ ਲਈ ਅੱਧੀ ਰਾਤ ਨੂੰ ਬੋਲੈਰੋ ’ਤੇ ਤੁਰੇ ਪਰਿਵਾਰ ਦੀ ਗੱਡੀ ਥੋੜ੍ਹੀ ਦੇਰ ਬਾਦ ਹੀ ਪਿੰਡ ਬਿਠਮੜਾ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਬੋਲੈਰੋ ਨੂੰ ਅੱਗ ਲੱਗ ਗਈ। ਡਰਾਈਵਰ ਭੀਮ ਸਿੰਘ ਗੱਡੀ ਵਿੱਚ ਫ਼ਸ ਜਾਣ ’ਤੇ ਸੜ ਕੇ ਮਾਰਿਆ ਗਿਆ ਤੇ ਪਰਿਵਾਰ ਦੇ ਪੰਜ ਮੈਂਬਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਮ੍ਰਿਤਕ ਦੀ ਇਕ ਨਾਬਾਲਿਗ ਧੀ ਦੀ ਲੱਤ ਟੁੱਟ ਗਈ। ਹਾਦਸੇ ਦੀ ਸੂੁਚਨਾ ਕੋਲੋਂ ਲੰਘਦੇ ਵਾਹਨ ਮਾਲਕਾਂ ਨੇ 112 ਨੰਬਰ ’ਤੇ ਪੁਲੀਸ ਨੂੰ ਦੇਣ ’ਤੇ ਪੁਲੀਸ ਨੇ ਪੀੜਤਾਂ ਨੂੰ ਸਰਕਾਰੀ ਹਸਪਤਾਲ ਉਕਲਾਨਾ ਭੇਜਿਆ। ਲੋਕਾਂ ਦੀ ਮਦਦ ਨਾਲ ਮ੍ਰਿਤਕ ਭੀਮ ਸਿੰਘ ਦੀ ਅੱਧ ਸੜੀ ਲਾਸ਼ ਪੋਸਟਮਾਰਟਮ ਲਈ ਅਗਰੋਹਾ ਮੈਡੀਕਲ ਭੇਜੀ ਗਈ ਹੈ। ਬੋਲੈਰੋ ਵਿੱਚ ਭੀਮ ਸਿੰਘ, ਉਸ ਦੀ ਪਤਨੀ ਨੀਲਮ, ਦੋ ਧੀਆਂ, ਇਕ ਪੁੱਤਰ ਤੇ ਇਕ ਹੋਰ ਲੜਕੀ ਸਵਾਰ ਸੀ। ਤੇਜ ਰਫ਼ਤਾਰ ਬੋਲੈਰੋ ਨੂੰ ਪਿੰਡ ਬਿਠਮੜਾ ਲੰਘਦੇ ਸਾਰ ਇਕ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ। ਭੀਮ ਸਿੰਘ ਗੱਡੀ ਵਿੱਚ ਫਸ ਜਾਣ ’ਤੇ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ। ਇਸ ਦੌਰਾਨ ਗੱਡੀ ਵਿੱਚ ਸਵਾਰ ਪਤਨੀ ਤੇ ਬੱਚੇ ਬਚ ਗਏ। ਪੀੜਤ ਪਰਿਵਾਰ ਨਵਾਂਗਾਂਵ ਜ਼ਿਲ੍ਹਾ ਹਿਸਾਰ ਦਾ ਰਹਿਣ ਵਾਲਾ ਹੈ।