ਨਿਜੀ ਪੱਤਰ ਪ੍ਰੇਰਕ
ਅੰਬਾਲਾ, 17 ਜੂਨ
ਇੱਥੇ ਤਿੰਨ ਜਣਿਆਂ ਵੱਲੋਂ ਫ਼ਰਜ਼ੀ ਜ਼ਮਾਨਤੀ ਬਣ ਕੇ 50 ਹਜ਼ਾਰ ਰੁਪਏ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਫ਼ਰਜ਼ੀ ਜ਼ਮਾਨਤੀਆਂ ਦਾ ਖ਼ੁਲਾਸਾ ਵਕੀਲ ਵੱਲੋਂ ਕਾਗ਼ਜ਼ ਤਿਆਰ ਕਰਨ ਸਮੇਂ ਹੋਇਆ। ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਤੀਜਾ ਫ਼ਰਾਰ ਚੱਲ ਰਿਹਾ ਹੈ। ਯੂਪੀ ਦੇ ਸ਼ਾਮਲੀ ਜ਼ਿਲ੍ਹੇ ਦੇ ਪਿੰਡ ਅਲਾਵਦੀਨਪੁਰ ਨਿਵਾਸੀ ਸੀਮਾ ਨੇ ਦੱਸਿਆ ਕਿ ਉਸ ਦਾ ਬੇਟਾ ਸੰਨੀ ਪਿਛਲੇ 8 ਮਹੀਨਿਆਂ ਤੋਂ ਸਨੈਚਿੰਗ ਦੇ ਕੇਸ ਵਿਚ ਕੇਂਦਰੀ ਜੇਲ੍ਹ ਵਿਚ ਬੰਦ ਹੈ। ਉਹ ਆਪਣੇ ਬੇਟੇ ਦੀ ਜ਼ਮਾਨਤ ਕਰਾਉਣ ਲਈ 16 ਜੂਨ ਨੂੰ ਇੱਥੇ ਆਈ ਸੀ। ਪਵਨ ਵਕੀਲ ਨੇ ਦੱਸਿਆ ਕਿ ਜ਼ਮਾਨਤੀ ਅਤੇ ਸ਼ਨਾਖ਼ਤੀ ਅੰਬਾਲਾ ਦੇ ਹੋਣੇ ਚਾਹੀਦੇ ਹਨ ਜਦੋਂ ਕਿ ਉਸ ਦਾ ਇੱਥੇ ਕੋਈ ਜਾਣਕਾਰ ਨਹੀਂ ਹੈ। ਇਸ ਦੌਰਾਨ ਅਦਾਲਤੀ ਕੈਂਪਸ ਵਿਚ ਉਸ ਨੂੰ ਇਕ ਵਿਅਕਤੀ ਮਿਲਿਆ ਜਿਸ ਨੇ ਆਪਣਾ ਨਾਂ ਬਲਵੰਤ ਰਾਏ ਦੱਸਿਆ ਅਤੇ ਜ਼ਮਾਨਤ ਕਰਾਉਣ ਦੇ ਇਵਜ਼ ਵਿਚ 50 ਹਜ਼ਾਰ ਰੁਪਏ ਮੰਗੇ। ਰਕਮ ਲੈ ਕੇ ਉਸ ਨੇ ਦੋ ਜਣਿਆਂ ਨਾਲ ਮੁਲਾਕਾਤ ਕਰਵਾਈ। ਇਕ ਨੇ ਆਪਣਾ ਨਾਂ ਪ੍ਰੇਮ ਚੰਦ ਅਤੇ ਦੂਜੇ ਨੇ ਮਹਿਮਾ ਸਿੰਘ ਦੱਸਿਆ। ਜਦੋਂ ਵਕੀਲ ਜ਼ਮਾਨਤ ਦੇ ਕਾਗ਼ਜ਼ ਤਿਆਰ ਕਰਨ ਲੱਗਾ ਤਾਂ ਪਤਾ ਲੱਗਾ ਦੋਵੇਂ ਜ਼ਮਾਨਤੀ ਫ਼ਰਜ਼ੀ ਹਨ। ਦੋਹਾਂ ਨੂੰ ਮੌਕੇ ’ਤੇ ਫੜ ਲਿਆ ਗਿਆ। ਪੁੱਛ-ਗਿੱਛ ਦੌਰਾਨ ਪ੍ਰੇਮ ਚੰਦ ਦੀ ਪਛਾਣ ਪਤਰੇਹੜੀ ਦੇ ਯੋਗੇਸ਼ ਕੁਮਾਰ ਅਤੇ ਮਹਿਮਾ ਸਿੰਘ ਦੀ ਪਛਾਣ ਗੋਲਾ ਪਿੰਡ ਦੇ ਹਰਬੰਸ ਲਾਲ ਵਜੋਂ ਹੋਈ ਜਦੋਂ ਕਿ ਬਲਵੰਤ ਰਾਏ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।