ਪੱਤਰ ਪ੍ਰੇਰਕ
ਯਮੁਨਾਨਗਰ, 14 ਸਤੰਬਰ
ਇੱਥੇ ਪੁਲੀਸ ਦੀ ਅਪਰਾਧ ਸ਼ਾਖਾ-2 ਦੀ ਟੀਮ ਨੇ ਲੁੱਟ-ਖੋਹ ਦੀ ਕੋਸ਼ਿਸ਼ ਕਰਦੇ ਗੈਂਗਸਟਰ ਕਾਲਾ ਰਾਣਾ ਗਰੋਹ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਕੋਲੋਂ ਦੋ ਨਾਜਾਇਜ਼ ਹਥਿਆਰ ਅਤੇ 7 ਜਿੰਦਾ ਕਾਰਤੂਸ ਅਤੇ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਪੁਲੀਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ । ਸੀਆਈਏ ਅਪਰਾਧ ਸ਼ਾਖਾ-2 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਨਹਿਰ ਦੀ ਪਟੜੀ ’ਤੇ ਦੋ ਨੌਜਵਾਨ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ । ਸੂਚਨਾ ਦੇ ਆਧਾਰ ’ਤੇ ਸਬ ਇੰਸਪੈਕਟਰ ਮੋਹਨ ਵਾਲੀਆ, ਏਐੱਸਆਈ ਰੋਹਨ, ਰਾਜਕੁਮਾਰ ਦੀ ਟੀਮ ਜਦੋਂ ਮੌਕੇ ’ਤੇ ਪਹੁੰਚੀ ਤਾਂ ਨਾਜਾਇਜ਼ ਹਥਿਆਰਾਂ ਨਾਲ ਲੈਸ ਦੋਵੇਂ ਮੁਲਜ਼ਮਾਂ ਨੇ ਪੁਲੀਸ ਦੀ ਕਾਰ ਅੱਗੇ ਮੋਟਰਸਾਈਕਲ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਲੁੱਟ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਸਿਮਰਨਜੀਤ ਸਿੰਘ ਉਰਫ ਬਾਬਾ ਵਾਸੀ ਸੁਭਾਸ਼ ਨਗਰ ਅਤੇ ਸ਼ੁਭਮ ਵਾਸੀ ਪ੍ਰੋਫੈਸਰ ਕਲੋਨੀ ਵਜੋਂ ਹੋਈ ਹੈ। ਮੁਲਜ਼ਮ ਸਿਮਰਨਜੀਤ ਸਿੰਘ ਕੋਲੋਂ ਦੇਸੀ ਪਿਸਤੌਲ ਅਤੇ 5 ਜਿੰਦਾ ਰੌਂਦ ਬਰਾਮਦ ਹੋਏ। ਜਦਕਿ ਮੁਲਜ਼ਮ ਸ਼ੁਭਮ ਕੋਲੋਂ ਦੇਸੀ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ ਹਨ । ਮੁਲਜ਼ਮਾਂ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਹੋਈ ਹੈ । ਦੋਵੇਂ ਮੁਲਜ਼ਮ ਗੈਂਗਸਟਰ ਕਾਲਾ ਰਾਣਾ ਦੇ ਗਰੋਹ ਨਾਲ ਸਬੰਧਤ ਹਨ ਜਦਕਿ ਸਿਮਰਨਜੀਤ ਸਿੰਘ ਜੇਲ੍ਹ ਵਿੱਚ ਬੰਦ ਕਾਲੇ ਰਾਣੇ ਦੇ ਭਰਾ ਸੂਰਜ ਪ੍ਰਤਾਪ ਸਿੰਘ ਉਰਫ਼ ਨੋਨੀ ਦੇ ਸੰਪਰਕ ਵਿੱਚ ਸੀ। ਮੁਲਜ਼ਮ ਸਿਮਰਨਜੀਤ ਸਿੰਘ ਦੇ ਖਿਲਾਫ਼ ਪਹਿਲਾਂ ਵੀ ਅਸਲਾ ਐਕਟ ਤਹਿਤ ਕੇਸ ਦਰਜ ਹੈ ਜੋ ਅਦਾਲਤ ਵਿੱਚ ਵਿਚਾਰ ਅਧੀਨ ਹੈ ।