ਪੱਤਰ ਪ੍ਰੇਰਕ
ਟੋਹਾਣਾ, 16 ਅਕਤੂਬਰ
ਅੱਠਵੀਂਂ ਜਮਾਤ ਦੀ ਵਿਦਿਆਰਥਣ ਨੂੰ ਧੋਖੇ ਨਾਲ ਲਿਜਾਣ ਤੇ ਪੰਜ ਨੌਜਵਾਨਾਂ ਵੱਲੋਂ ਜਬਰ-ਜਨਾਹ ਕਰਨ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਫਾਸਟ ਟਰੈਕ ਦੇ ਵਧੀਕ ਸੈਸ਼ਨ ਜੱਜ ਬਲਵੰਤ ਸਿੰਘ ਨੇ ਪ੍ਰਗਟ ਸਿੰਘ, ਗੌਰੀ ਉਰਫ ਗੁਰਮੀਤ ਸਿੰਘ, ਜਸਬੀਰ ਸਿੰਘ ਉਰਫ਼ ਗੱਗੂ, ਜੱਸੂ ਉਰਫ਼ ਜਸਵਿੰਦਰ ਸਿੰਘ ਤੇ ਨਿਰਮਲ ਸਿੰਘ ਨਿੰਮਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਵੀਹ-ਵੀਹ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਪੁਲੀਸ ਨੇ ਪੀੜਤ ਲੜਕੀ ਦੀ ਮਾਂ ਦੀ ਸ਼ਿਕਾਇਤ ’ਤੇ 11 ਫਰਵਰੀ 2021 ਨੂੰ ਕੇਸ ਦਰਜ ਕੀਤਾ ਸੀ। ਪੀੜਤ ਦੀ ਮਾਂ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਧੀ ਨੂੰ ਗੌਰੀ ਤੇ ਪਰਗਟ ਸਿੰਘ ਵਰਗਲਾ ਕੇ ਲੈ ਗਏ ਜਿੱਥੇ ਪੰਜ ਨੌਜਵਾਨਾਂ ਨੇ ਲੜਕੀ ਨਾਲ ਜਬਰ-ਜਨਾਹ ਕੀਤਾ। ਪੀੜਤ ਲੜਕੀ ਵੱਲੋਂ ਮਾਂ ਨੂੰ ਦੱਸਣ ’ਤੇ ਇਸ ਮਾਮਲੇ ਦਾ ਖ਼ੁਲਾਸਾ ਹੋਇਆ ਸੀ। ਪੁਲੀਸ ਨੇ ਕੇਸ ਦਰਜ ਕਰ ਕੇ ਚਲਾਨ ਪੇਸ਼ ਕੀਤਾ। ਪੰਜੇ ਦੋਸ਼ੀ 19 ਤੋਂ 22 ਸਾਲ ਉਮਰ ਦੇ ਹਨ।