ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 15 ਅਕਤੂਬਰ
ਇਥੇ ਜੀਰੀ ਦੀ ਸਭ ਤੋਂ ਵੱਧ ਆਮਦ ਹੋਣ ਵਾਲੀ ਸ਼ਾਹਬਾਦ ਮੰਡੀ ਵਿੱਚ ਬੀਤੇ ਸਾਲ ਨਾਲੋਂ ਇਸ ਸਾਲ ਜੀਰੀ ਦੀ ਵਧੇਰੇ ਫ਼ਸਲ ਦੀ ਆਮਦ ਹੋਣ ਕਰਕੇ ਮੰਡੀ ਵਿੱਚ ਥਾਂ ਨਾ ਹੋਣ ਕਰ ਕੇ ਜੀਰੀ ਦੀ ਚੁਕਾਈ ਦੇ ਕੰਮ ਵਿੱਚ ਪ੍ਰੇਸ਼ਾਨੀ ਆ ਰਹੀ ਹੈ। ਮਾਰਕੀਟ ਕਮੇਟੀ ਦੇ ਸਕੱਤਰ ਕ੍ਰਿਸ਼ਨ ਮਲਿਕ ਅਨਾਜ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਸਵਰਣਜੀਤ ਸਿੰਘ ਕਾਲੜਾ ਬਿਟੂ ਦੇ ਦਫਤਰ ਵਿੱਚ ਬੈਠਕ ਕਰ ਮੰਡੀ ’ਚ ਜੀਰੀ ਦੀ ਚੁਕਾਈ ਸਬੰਧੀ ਆੜ੍ਹਤੀਆਂ ਨਾਲ ਗੱਲਬਾਤ ਕਰ ਰਹੇ ਸਨ। ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਤੋਂ ਹਰ ਦਿਨ ਸ਼ਾਮ 5 ਵਜੇ ਤੇ ਰਾਤ 9 ਵਜੇ ਤੋਂ ਬਾਦ ਮੰਡੀ ਵਿੱਚ ਜੀਰੀ ਦੀਆਂ ਟਰਾਲੀਆਂ ਨੂੰ ਨਹੀਂ ਆਉਣ ਦਿੱਤਾ ਜਾਏਗਾ। ਇਸ ਦੌਰਾਨ ਕੋਈ ਵੀ ਆੜ੍ਹਤੀ ਆਪਣੀ ਦੁਕਾਨ ਤੇ ਜੀਰੀ ਦੀ ਉਤਰਵਾਈ ਤੇ ਤੁਲਾਈ ਆਦਿ ਨਹੀਂ ਕਰੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਫਸਲ ਨਿਰਧਾਰਤ ਸਮੇਂ ਵਿਚ ਹੀ ਲਿਆਉਣ। ਕਿਉਂਕਿ ਉਸ ਸਮੇਂ ਸਿਰਫ ਚੁਕਾਈ ਦਾ ਕੰਮ ਹੀ ਹੋਵੇਗਾ। ਜ਼ਿਕਰਯੋਗ ਹੈ ਕਿ ਸ਼ਾਹਬਾਦ ਮੰਡੀ ਵਿੱਚ ਹੁਣ ਤਕ 95,7000 ਕੁਇੰਟਲ ਜੀਰੀ ਦੀ ਆਮਦ ਹੋ ਚੁੱਕੀ ਹੈ। ਜਿਸ ਚ ਸਿਰਫ 40,500 ਕੁਇੰਟਲ ਜੀਰੀ ਦੀ ਚੁਕਾਈ ਦਾ ਕੰਮ ਹੋਇਆ ਹੈ। ਉਨ੍ਹਾਂ ਨੇ ਰਾਈਸ ਮਿੱਲ ਮਾਲਕਾਂ ਨੂੰ ਵੀ ਹਰ ਰੋਜ ਸ਼ਾਮ ਨੂੰ ਜ਼ਿਆਦਾ ਤੋਂ ਜ਼ਿਆਦਾ ਟਰੱਕਾਂ ਦੀ ਵਿਵਸਥਾ ਕਰ ਜੀਰੀ ਦੀ ਚੁਕਾਈ ਕਰਨ ਨੂੰ ਕਿਹਾ ਹੈ, ਤਾਂ ਜੋ ਕਿਸਾਨਾਂ ਨੂੰ ਦਿੱਕਤ ਨਾ ਆਏ ਕਿਉਂਕਿ ਬੀਤੇ ਸਾਲ ਨਾਲੋਂ ਇਸ ਸਾਲ ਜੀਰੀ ਦੀ ਵਧੇਰੇ ਫ਼ਸਲ ਦੀ ਆਮਦ ਹੋਣ ਕਰਕੇ ਮੰਡੀ ਵਿੱਚ ਥਾਂ ਨਾ ਹੋਣ ਕਰ ਕੇ ਜੀਰੀ ਦੀ ਚੁਕਾਈ ਦੇ ਕੰਮ ਵਿੱਚ ਪ੍ਰੇਸ਼ਾਨੀ ਆ ਰਹੀ ਹੈ।