ਨਿੱਜੀ ਪੱਤਰ ਪ੍ਰੇਰਕ
ਸਿਰਸਾ, 26 ਅਕਤੂਬਰ
ਇਥੋਂ ਦੇ ਪਿੰਡ ਪੰਜੂਆਣਾ ਨੇੜੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਵੱਲੋਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਚਲਾਏ ਗਏ ਅੰਦੋਲਨ ਦੌਰਾਨ ਪਿੰਡ ਪੰਜੂਆਣਾ ਨੇੜੇ ਨੈਸ਼ਨਲ ਹਾਈਵੇਅ ’ਤੇ ਇਲਾਕਾ ਵਾਸੀਆਂ ਨੇ ਕਿਸਾਨਾਂ ਲਈ ਸਵਾ ਸਾਲ ਤੋਂ ਵੱਧ ਸਮੇਂ ਲਈ ਲੰਗਰ ਲਾਇਆ ਸੀ। ਇਸ ਥਾਂ ’ਤੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਲਖੀਮਪੁਰੀ ਖੀਰੀ ਘਟਨਾ ਵਿੱਚ ਸ਼ਹੀਦ ਹੋਏ ਪੰਜ ਕਿਸਾਨਾਂ ਦੀਆਂ ਤਸਵੀਰਾਂ ’ਤੇ ਫੁੱਲਾਂ ਦੇ ਹਾਰ ਪਾਏ ਗਏ ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਦਿੱਤੀਆਂ ਗਈਆਂ। ਬੀਕੇਯੂ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਅੰਦੋਲਨ ਦੌਰਾਨ ਸੱਤ ਸੌ ਤੋਂ ਵੱਧ ਕਿਸਾਨਾਂ ਨੇ ਸ਼ਹੀਦੀ ਹੋਏ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨਿਆ ਨਹੀਂ ਜਾਂਦਾ। ਇਸ ਮੌਕੇ ’ਤੇ ਸਰਬਜੀਤ ਕੰਬੋਜ, ਅਰਮਾਨ ਔਲਖ, ਰਜਿੰਦਰ ਸਿੰਘ ਭੰਗੂ, ਦੇਵਕੀ ਮਹਿਤਾ, ਲਵਕੇਸ਼ ਪੰਜੂਆਣਾ, ਬਲਜਿੰਦਰ ਸਿੰਘ ਭੰਗੂ, ਰਾਣਾ ਕੰਵਰ, ਹਵਾ ਸਿੰਘ ਬਿਸ਼ਨੋਈ, ਰਣਧੀਰ ਸਿੰਘ, ਬਿੰਦਰ ਸਿੰਘ ਆਦਿ ਮੌਜੂਦ ਸਨ।