ਪੱਤਰ ਪ੍ਰੇਰਕ
ਫਰੀਦਾਬਾਦ, 5 ਜਨਵਰੀ
ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਭਾਜਪਾ ਫਰੀਦਾਬਾਦ ਦੇ ਜ਼ਿਲ੍ਹਾ ਪ੍ਰਧਾਨ ਗੋਪਾਲ ਸ਼ਰਮਾ ਦੀ ਅਗਵਾਈ ’ਚ ਜ਼ਿਲ੍ਹਾ ਆਗੂਆਂ ਦੇ ਵਫਦ ਨੇ ਫਰੀਦਾਬਾਦ ਸਥਿਤ ਗੁਰੂਕੁਲ ਸਥਿਲ ਇੰਦਰਪ੍ਰਸਥ ਆਸ਼ਰਮ ਤੇ ਗੁਰੂਕੁਲ ਵਿੱਚ ਆਚਾਰੀਆ ਰਿਸ਼ੀਪਾਲ ਦੀ ਮੌਜੂਦਗੀ ਵਿੱਚ ਹਵਨ ਕੀਤਾ। ਗੁਰੂਕੁਲ ਫੇਰੀ ਦੌਰਾਨ ਉਨ੍ਹਾਂ ਨੇ ਉਥੇ ਸਥਿਤ ਅਜਾਇਬ ਘਰ ਨੂੰ ਦੇਖਿਆ ਜਿੱਥੇ ਆਜ਼ਾਦੀ ਅੰਦੋਲਨ ਦੀਆਂ ਗਤੀਵਿਧੀਆਂ ਚਲਾਈਆਂ ਗਈਆਂ ਸਨ। ਆਸ਼ਰਮ ਵਿੱਚ ਸਥਿਤ ਉਸ ਕੋਠੜੀ ਵਿੱਚ ਵੀ ਮੱਥਾ ਟੇਕਿਆ ਜਿੱਥੇ ਨੇਤਾਜੀ ਸੁਭਾਸ਼ ਚੰਦਰ ਬੋਸ 8 ਦਿਨਾਂ ਤੱਕ ਅੰਡਰਗਰਾਂਊਂਡ ਰਹੇ ਸਨ। ਭਾਜਪਾ ਵਰਕਰਾਂ ਨੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ ਤੇ ਸ਼ਰਧਾਂਜਲੀ ਭੇਟ ਕੀਤੀ। ਗੋਪਾਲ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਉਨ੍ਹਾਂ ਸਾਰੇ ਬਹਾਦਰ ਸ਼ਹੀਦ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਆਜ਼ਾਦੀ ਸੰਗਰਾਮ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਅਜੇ ਕੁਝ ਦਿਨ ਪਹਿਲਾਂ ਹੀ ਭਾਜਪਾ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦੀ ਅਗਵਾਈ ਵਿੱਚ ਵਫ਼ਦ ਪੋਰਟ ਬਲੇਅਰ (ਕਾਲਾ ਪਾਣੀ) ਦੇ ਦੌਰੇ ’ਤੇ ਗਿਆ ਸੀ। ਆਜ਼ਾਦੀ ਸੰਗਰਾਮ ਦੇ ਅਣਗਿਣਤ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਉਹ ਪਵਿੱਤਰ ਮਿੱਟੀ ਲੈ ਕੇ ਆਏ।