ਪੱਤਰ ਪ੍ਰੇਰਕ
ਫਰੀਦਾਬਾਦ, 9 ਜਨਵਰੀ
ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਰਾਜਨ ਓਝਾ ਦੀ ਅਗਵਾਈ ਹੇਠ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਈ ਗਈ ਤੇ ਸ਼ਹੀਦ ਰਾਜਾ ਨਾਹਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਜਾ ਨਾਹਰ ਸਿੰਘ ਦੇ ਜਰਨੈਲ ਸ਼ਹੀਦ ਗੁਲਾਬ ਸਿੰਘ ਸੈਣੀ ਤੇ ਭੂਰਾ ਸਿੰਘ ਵਾਲਮੀਕਿ ਦੇ 164ਵੇਂ ਬਲੀਦਾਨ ਦਿਵਸ ’ਤੇ ਸ਼ਹੀਦੀ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਰਾਜਨ ਓਝਾ ਨੇ ਦੱਸਿਆ ਕਿ ਬੱਲਭਗੜ੍ਹ ਰਿਆਸਤ ਦੇ ਰਾਜਾ ਨਾਹਰ ਸਿੰਘ ਨੇ ਆਪਣੀ ਬਹਾਦਰੀ ਸਦਕਾ ਅੰਗਰੇਜ਼ਾਂ ਨੂੰ ਇੱਕ ਮਹੀਨੇ ਤੱਕ ਦਿੱਲੀ ਵਿੱਚ ਦਾਖ਼ਲ ਹੋਣ ਤੋਂ ਰੋਕੀ ਰੱਖਿਆ। ਬਾਅਦ ’ਚ ਉਸੇ ਅੰਗਰੇਜ਼ ਨੇ ਰਾਜਾ ਨਾਹਰ ਸਿੰਘ ਨੂੰ ਧੋਖੇ ਨਾਲ ਕੈਦ ਕਰ ਲਿਆ ਅਤੇ ਉਸ ਨੂੰ ਉਸ ਦੇ ਜਰਨੈਲ ਗੁਲਾਬ ਸਿੰਘ ਸੈਣੀ ਤੇ ਭੂਰਾ ਸਿੰਘ ਵਾਲਮੀਕਿ ਸਮੇਤ ਦਿੱਲੀ ਦੇ ਚਾਂਦਨੀ ਚੌਕ ਵਿਚ ਫਾਂਸੀ ਦੇ ਦਿੱਤੀ। ਉਨ੍ਹਾਂ ਦੀ ਯਾਦ ਵਿੱਚ 9 ਜਨਵਰੀ ਨੂੰ ਬੱਲਭਗੜ੍ਹ ਵਿੱਚ ਸ਼ਹੀਦੀ ਸਮਾਰਕ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।