ਸਤਪਾਲ ਰਾਮਗੜ੍ਹੀਆ
ਪਿਹੋਵਾ, 26 ਫਰਵਰੀ
ਆਨਲਾਈਨ ਖਰੀਦਦਾਰੀ ਰਾਹੀਂ ਕੰਪਨੀਆਂ ਵੱਲੋਂ ਗਾਹਕਾਂ ਨਾਲ ਧੋਖਾ ਕੀਤੇ ਜਾਣ ਦੇ ਮਾਮਲੇ ਦਿਨ-ਬ-ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਕਸਬੇ ਵਿਚ ਇਕ ਚਾਰਟਰਡ ਅਕਾਊਂਟੈਂਟ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ। ਅਨਾਜ ਮੰਡੀ ਦੇ ਚਾਰਟਰਡ ਅਕਾਊਂਟੈਂਟ ਸੁਨੀਤ ਕੁਮਾਰ ਗੁਪਤਾ ਨੇ ਦੱਸਿਆ ਕਿ ਉਸ ਨੇ ਐਮਾਜ਼ੌਨ ਇੰਡੀਆ ਪ੍ਰਾਈਵੇਟ ਲਿਮਟਿਡ ਆਨਲਾਈਨ ਸ਼ਾਪਿੰਗ ਕੰਪਨੀ ਕੋਲੋਂ 61,500 ਰੁਪਏ ਦਾ ਲੈਪਟਾਪ ਮੰਗਵਾਇਆ ਸੀ। 25 ਫਰਵਰੀ ਨੂੰ ਜਦੋਂ ਉਸ ਨੂੰ ਲੈਪਟਾਪ ਦੀ ਡਿਲੀਵਰੀ ਮਿਲੀ ਤਾਂ ਉਸ ਦੇ ਹੋਸ਼ ਉੱਡ ਗਏ। ਲੈਪਟਾਪ ਦੇ ਬਕਸੇ ਦੀ ਪੈਕਿੰਗ ਖੋਲ੍ਹਣ ‘ਤੇ ਇਸ ਵਿਚੋਂ ਬੋਰੀ, ਰੱਦੀ ਪੇਪਰ ਤੇ ਕਾਗਜ਼ ਮਿਲੇ। ਸੁਨੀਤ ਕੁਮਾਰ ਗੁਪਤਾ ਨੇ ਦੱਸਿਆ ਕਿ ਉਸ ਕੋਲ ਸਾਰੀ ਵੀਡੀਓ ਹੈ। ਉਸ ਨੇ ਡਿਲੀਵਰੀ ਲੈਂਦੇ ਸਮੇਂ ਵੀਡੀਓ ਬਣਾਉਂਦੇ ਹੋਏ ਬੌਕਸ ਨੂੰ ਖੋਲ੍ਹਿਆ। ਸਾਰੀ ਪ੍ਰਕਿਰਿਆ ਕੈਮਰੇ ਵਿਚ ਕੈਦ ਹੋ ਗਈ। ਬਾਕਸ ਖੋਲ੍ਹਣ ’ਤੇ ਅੰਦਰ ਇੱਕ ਖਾਲੀ ਬੋਰੀ ਮਿਲੀ, ਜਿਸ ’ਤੇ ਉਚਾਨਾ ਦੀ ਦੁਕਾਨ ਦਾ ਨਾਮ ਲਿਖਿਆ ਹੋਇਆ ਸੀ।
ਲੈਪਟਾਪ ਅੰਦਰੋਂ ਗਾਇਬ ਸੀ। ਉਸ ਨੇ ਦੱਸਿਆ ਕਿ ਇਸ ਧੋਖਾਧੜੀ ਨਾਲ ਉਸ ਨੂੰ 61,500 ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਇੱਕ ਆਨਲਾਈਨ ਐੱਫਆਈਆਰ ਦਰਜ ਕਰਵਾਈ ਹੈ, ਜਿਸ ਵਿੱਚ ਮਾਮਲੇ ’ਤੇ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਇਸ ਤੋਂ ਇਲਾਵਾ ਕੰਪਨੀ ਨੂੰ ਧੋਖਾਧੜੀ ਦੀ ਵੀ ਜਾਣਕਾਰੀ ਦਿੱਤੀ ਹੈ, ਜਿਸ ਮਗਰੋਂ ਕੰਪਨੀ ਨੇ ਉਸ ਨੂੰ ਪੂਰੇ ਮਾਮਲੇ ਦਾ ਪਤਾ ਲਗਾਉਣ ਦਾ ਭਰੋਸਾ ਦਿੱਤਾ ਹੈ।