ਪੱਤਰ ਪ੍ਰੇਰਕ
ਫਰੀਦਾਬਾਦ, 9 ਨਵੰਬਰ
ਇਥੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਫਰੀਦਾਬਾਦ ਤੋਂ ਲੰਘਣ ਵਾਲਾ ਦਿੱਲੀ-ਬੜੌਦਾ-ਮੁੰਬਈ ਐਕਸਪ੍ਰੈੱਸ ਵੇਅ ਸ਼ਹਿਰ ਲਈ ਜੀਵਨ ਰੇਖਾ ਬਣਨ ਜਾ ਰਿਹਾ ਹੈ। ਸਾਰੇ ਵਿਭਾਗਾਂ ਦੇ ਅਧਿਕਾਰੀ ਬਿਹਤਰ ਤਾਲਮੇਲ ਨਾਲ ਕੰਮ ਕਰਨ ਤਾਂ ਜੋ ਆਵਾਜਾਈ ਤੇ ਹੋਰ ਕੋਈ ਸਮੱਸਿਆ ਨਾ ਆਵੇ। ਟਰਾਂਸਪੋਰਟ ਮੰਤਰੀ ਮੰਗਲਵਾਰ ਨੂੰ ਮਿਨੀ ਸਕੱਤਰੇਤ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਕਾਨਫਰੰਸ ਹਾਲ ’ਚ ਐਕਸਪ੍ਰੈੱਸ ਹਾਈਵੇਅ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈ ਰਹੇ ਸਨ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਇਹ ਹਾਈਵੇਅ ਸ਼ਹਿਰ ਦੇ ਬਾਈਪਾਸ ’ਤੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਹਾਈਵੇਅ ਸ਼ਹਿਰ ਦੇ ਵਿਚਕਾਰੋਂ ਲੰਘ ਰਿਹਾ ਹੈ ਤੇ ਇਸ ਦੇ ਦੂਜੇ ਪਾਸੇ ਗ੍ਰੇਟਰ ਫਰੀਦਾਬਾਦ ਵੀ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਈਵੇਅ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿੱਚ ਨਗਰ ਨਿਗਮ ਦੇ ਟਿਊਬਵੈੱਲ, ਡਿਸਪੋਜ਼ਲ, ਸੀਵਰੇਜ ਲਾਈਨ, ਰੇਨਵੈੱਲ ਸਪਲਾਈ, ਬਿਜਲੀ ਸਪਲਾਈ ਅਤੇ ਹੋਰ ਕਈ ਜਨਤਕ ਸਹੂਲਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹਾਈਵੇਅ ਦੇ ਨਿਰਮਾਣ ਦੌਰਾਨ ਪਹਿਲਾਂ ਇਨ੍ਹਾਂ ਸਾਰੀਆਂ ਸਹੂਲਤਾਂ ਦਾ ਵਿਕਾਸ ਕੀਤਾ ਜਾਵੇ ਅਤੇ ਫਿਰ ਪੁਰਾਣੇ ਢਾਂਚੇ ਨੂੰ ਹਟਾਇਆ ਜਾਵੇ। ਮੀਟਿੰਗ ਵਿੱਚ ਉਨ੍ਹਾਂ ਸ਼ਹਿਰ ਵਿੱਚ ਦਿੱਤੇ ਜਾਣ ਵਾਲੇ ਸਾਰੇ ਛੇ ‘ਐਂਟਰੀ’ ਅਤੇ ‘ਐਗਜ਼ਿਟ’ ਦਾ ਜਾਇਜ਼ਾ ਲੈਂਦਿਆਂ ਟਰਾਂਸਪੋਰਟ ਨਗਰ ਸਮੇਤ ਸ਼ਹਿਰ ਦੇ ਬੱਲਭਗੜ੍ਹ ਅਤੇ ਹੋਰ ਥਾਵਾਂ ’ਤੇ ਵਾਧੂ ਪੁਲਾਂ ਤੇ ਢਾਂਚੇ ਦੇ ਪ੍ਰਬੰਧਾਂ ਨੂੰ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ। ਜੇਵਰ ਹਵਾਈ ਅੱਡੇ ਲਈ ਬਣਾਏ ਜਾਣ ਵਾਲੇ ਐਕਸਪ੍ਰੈਸ ਵੇਅ ਬਾਰੇ ਉਨ੍ਹਾਂ ਕਿਹਾ ਕਿ ਇਸ ਹਾਈਵੇਅ ਦੀ ਅਲਾਈਨਮੈਂਟ ਨੂੰ ਮਾਸਟਰ ਪਲਾਨ 2031 ਵਿੱਚ ਮਿਲਾ ਦਿੱਤਾ ਜਾਣਾ ਚਾਹੀਦਾ ਹੈ।