ਪੱਤਰ ਪ੍ਰੇਰਕ
ਰਤੀਆ, 15 ਦਸੰਬਰ
ਮੰਡੀ ਬੋਰਡ ਦੇ ਸੀਏ ਸਮਿਧਾ ਕਟਾਰੀਆ ਨੇ ਪੱਤਰ ਰਾਹੀਂ ਮਾਰਕੀਟ ਕਮੇਟੀ ਰਾਣੀਆਂ ਦੇ ਸਕੱਤਰ ਸੁਰਿੰਦਰ ਕੁਮਾਰ ਨੂੰ ਬਦਲ ਕੇ ਕਰਨਾਲ ਵਿੱਚ ਡੀਐੱਮਈਓ ਦਫਤਰ ਵਿੱਚ ਭੇਜ ਦਿੱਤਾ ਹੈ। ਸੀਐੱਮ ਵਿੰਡੋ ’ਤੇ ਸ਼ਿਕਾਇਤ ‘ਚ ਮੈਂਬਰ ਹਰਜਿੰਦਰ ਸੋਨੀ ਅਤੇ ਵਿਨੋਦ ਬਾਂਸਲ ਨੇ ਸਕੱਤਰ ਸੁਰਿੰਦਰ ਕੁਮਾਰ ’ਤੇ ਰਤੀਆ ਮਾਰਕੀਟ ਕਮੇਟੀ ਦੇ ਸਫਾਈ ਕਾਰਜਾਂ ਦੇ ਪੁਰਾਣੇ ਠੇਕੇਦਾਰ ਨੂੰ ਲਾਭ ਦੇਣ ਦੀ ਮਨਸ਼ਾ ਨਾਲ 9 ਵਾਰ ਟੈਂਡਰ ਰੱਦ ਕਰਨ ਦੇ ਦੋਸ਼ ਲਾਏ ਗਏ ਸਨ। ਜਦੋਂ ਉਨ੍ਹਾਂ ਦੀ ਸ਼ਿਕਾਇਤ ’ਤੇ ਉੱਚ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜਦੋਂ ਇਸ ਸਬੰਧੀ ਸਕੱਤਰ ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਕੋਈ ਲਾਭ ਦੇਣ ਵਾਲਾ ਕੰਮ ਨਹੀਂ ਕੀਤਾ। ਮਾਰਕੀਟ ਕਮੇਟੀ ਦੇ ਸਕੱਤਰ ਯਸ਼ਪਾਲ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸਗੋਂ ਇਹ ਮਾਮਲਾ ਸਿਰਫ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲਿਆ ਹੈ।