ਪੱਤਰ ਪ੍ਰੇਰਕ
ਟੋਹਾਣਾ, 12 ਮਾਰਚ
ਇਥੇ ਦੋ ਨਕਾਬਪੋਸ਼ ਪਿਸਤੌਲਧਾਰੀ ਲੁਟੇਰਿਆਂ ਵੱਲੋਂ ਸਟੀਲ ਵਪਾਰੀ ਅਨਿਲ ਕੁਮਾਰ ਤੋਂ ਪੰਜ ਲੱਖ ਲੁੱਟ ਕੇ ਫਰਾਰ ਹੋਣ ’ਤੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਰਾਜਿੰਦਰ ਠਕਰਾਲ ਦੀ ਅਗਵਾਈ ਵਿੱਚ ਧਰਨਾ ਦੇ ਕੇ ਪੁਲੀਸ ਦੀ ਢਿੱਲੀ ਕਾਰਵਾਈ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿੱਚ ਜੱਥੇਬੰਦੀ ਦੇ ਅਹੁਦੇਦਾਰਾਂ ਤੋਂ ਇਲਾਵਾ ਸੈਂਕੜੇ ਵਪਾਰੀ ਸ਼ਾਮਲ ਹੋਏ ਜਿਨ੍ਹਾਂ ਨੇ ਵਪਾਰੀ ਦੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ। ਸਿਟੀ ਐਸਐਚਓ ਤੇ ਉਨ੍ਹਾਂ ਦੇ ਸਾਥੀਆਂ ਨੇ ਵਪਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੁਲੀਸ ਟੀਮਾਂ ਕਈ ਕੋਨਾਂ ਤੋਂ ਜਾਚ ਕਰ ਰਹੀ ਹੈ ਤੇ ਜਲਦੀ ਹੀ ਸਿੱਟੇ ’ਤੇ ਪੁੱਜ ਜਾਣਗੀਆਂ। ਵਪਾਰੀ ਤਿੰਨ ਘੰਟੇ ਤਕ ਧਰਨੇ ’ਤੇ ਬੈਠੇ ਰਹੇ ਤੇ ਵਪਾਰੀ ਆਗੂਆਂ ਨੇ ਦੋਸ਼ ਲਾਇਆ ਕਿ ਸ਼ਹਿਰ ਦੇ ਬਾਜ਼ਾਰਾਂ ਵਿੱਚ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ ਤੇ ਨਸ਼ਾ ਤਸਕਰ ਸਰਗਰਮ ਹਨ। ਤਿੰਨ ਘੰਟੇ ਦੇ ਧਰਨੇ ਤੋਂ ਬਾਅਦ ਵਪਾਰੀ ਚਿਤਾਵਨੀ ਦੇ ਕੇ ਚਲੇ ਗਏ ਕਿ ਪੰਜ ਦਿਨਾਂ ਤਕ ਲੁਟੇਰੇ ਕਾਬੂੁ ਨਾ ਆਏ ਤਾਂ ਧਰਨਾ ਅਣਮਿੱਥੇ ਸਮੇਂ ਲਈ ਆਰੰਭਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਪੁਲੀਸ ਦੀ ਗਸ਼ਤ ਵਧਾਈ ਜਾਵੇ।