ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 19 ਜਨਵਰੀ
ਹਰਿਆਣਾ ਵਪਾਰ ਮੰਡਲ ਦੀ ਇਕ ਵਿਸ਼ੇਸ਼ ਬੈਠਕ ਵਪਾਰ ਮੰਡਲ ਦੇ ਦਫ਼ਤਰ ਵਿਚ ਸੂਬਾ ਪ੍ਰਧਾਨ ਰਾਹੁਲ ਗਰਗ ਦੀ ਪ੍ਰਧਾਨਗੀ ਹੇਠ ਹੋਈ। ਗਰਗ ਨੇ ਂ ਕਿਹਾ ਕਿ ਦਿਨ ਪ੍ਰਤੀ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ, ਜਿਸ ਦਾ ਸਿੱਧਾ ਅਸਰ ਆਮ ਆਦਮੀ ’ਤੇ ਪੈ ਰਿਹਾ ਹੈ। ਆਵਾਜਾਈ ਤੋਂ ਇਲਾਵਾ ਟਰਾਂਸਪੋਰਟ ਮਹਿੰਗੀ ਹੋਣ ਕਰ ਕੇ ਨਿੱਤ ਦਾ ਸਾਮਾਨ ਵੀ ਆਮ ਉਪਭੋਗਤਾ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ। ਗਰਗ ਨੇ ਕਿਹਾ ਕਿ ਕੇਂਦਰ ਨੇ ਕਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਪੈਟਰੋਲ ਤੇ ਡੀਜ਼ਲ ’ਤੇ ਸਪੈਸ਼ਲ ਐਡੀਸ਼ਨਲ ਐਕਸਾਈਜ਼ ਡਿਊਟੀ ਤੇ ਰੋਡ ਸੈਸ ਵਧਾਇਆ ਸੀ, ਉਸ ਨੂੰ ਘੱਟ ਕੀਤਾ ਜਾਵੇ ਅਤੇ ਪੈਟਰੋਲ ਤੇ ਡੀਜ਼ਲ ’ਤੇ ਟੈਕਸ ਘੱਟ ਕਰ ਕੇ ਉਸ ਨੂੰ ਜੀਐੱਸਟੀ ਦੇ ਘੇਰੇ ਵਿਚ ਲਿਆਂਦਾ ਜਾਵੇ ਤਾਂ ਜੋ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਰਾਹਤ ਮਿਲ ਸਕੇ।