ਦਵਿੰਦਰ ਸਿੰਘ
ਯਮੁਨਾਨਗਰ, 20 ਮਈ
ਕੇਂਦਰ ਸਰਕਾਰ ਦੀਆਂ ਫਰਟੀਲਾਈਜ਼ਰ ਟੀਮਾਂ ਦੇ ਛਾਪਿਆਂ ਕਾਰਨ ਅੱਜ ਇੱਥੇ ਪਲਾਈਵੁੱਡ ਵਪਾਰੀਆਂ ਵਿੱਚ ਭਾਜੜ ਮੱਚ ਗਈ। ਛਾਪਿਆਂ ਦੌਰਾਨ ਜਦੋਂ ਇੱਕ ਟੀਮ ਜੋੜੀਆਂ ਸਥਿਤ ਨੀਲਗਿਰੀ ਪਲਾਈਵੁੱਡ ਕੋਲ ਪੁੱਜੀ ਤਾਂ ਫੈਕਟਰੀ ਦੇ ਮਜ਼ਦੂਰ ਵਿਰੋਧ ਵਿੱਚ ਸੜਕਾਂ ’ਤੇ ਉਤਰ ਆਏ ਅਤੇ ਉਨ੍ਹਾਂ ਨੇ ਸੜਕ ’ਤੇ ਲੱਕੜਾਂ ਪਾ ਕੇ ਜਾਮ ਲਗਾ ਦਿੱਤਾ ਅਤੇ ਕੁੱਝ ਪਲਾਈਵੁੱਡ ਵਪਾਰੀਆਂ ਨੇ ਰੋਸ ਵਜੋਂ ਆਪਣੀਆਂ ਫੈਕਟਰੀਆਂ ਬੰਦ ਕਰ ਦਿੱਤੀਆਂ। ਵਪਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਉਨ੍ਹਾਂ ਦਾ ਕਾਰੋਬਾਰ ਮੰਦੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ, ਅਜਿਹੇ ’ਚ ਕੇਂਦਰ ਸਰਕਾਰ ਦੀਆਂ ਟੀਮਾਂ ਤੋਂ ਇਲਾਵਾ ਜੀਐੱਸਟੀ ਦੇ ਛਾਪਿਆਂ ਕਾਰਨ ਕਾਰੋਬਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਪਲਾਈਵੁੱਡ ਫੈਕਟਰੀ ਪ੍ਰਬੰਧਕ ਅਨਿਲ ਠਾਕੁਰ ਨੇ ਦੱਸਿਆ ਕਿ ਮੌਜੂਦਾ ਹਾਲਤ ਵਿੱਚ ਮਾਲਕਾਂ ਕੋਲ ਫੈਕਟਰੀਆਂ ਬੰਦ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਰਿਹਾ, ਜਿਸ ਦੇ ਚੱਲਦਿਆਂ ਮਜ਼ਦੂਰਾਂ ਲਈ ਵੀ ਰੁਜ਼ਗਾਰ ਦਾ ਸੰਕਟ ਖੜ੍ਹਾ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਟੀਮਾਂ ਪੁਰਾਣੇ ਬਿੱਲ ਵਿਖਾਉਣ ਲਈ ਕਹਿ ਰਹੀਆਂ ਹਨ। ਪੁਰਾਣੇ ਬਿੱਲ ਉਹ ਕਿੱਥੋਂ ਲੈ ਕੇ ਆਉਣ।
ਫੈਕਟਰੀਆਂ ’ਚ ਹੋ ਰਹੀ ਹੈ ਯੂਰੀਆ ਖਾਦ ਦੀ ਵਰਤੋਂ: ਅਧਿਕਾਰੀ
ਪੁਲੀਸ ਪ੍ਰਸ਼ਾਸਨ ਦੀ ਸੁਰੱਖਿਆ ਹੇਠ ਜੌੜੀਆਂ, ਇੰਡਸਟੀਰੀਅਲ ਏਰੀਆ ਅਤੇ ਪਾਂਸਰਾ ਦੀਆਂ ਪਲਾਈਵੁੱਡ ਫੈਕਟਰੀਆਂ ਵਿੱਚ ਖਾਦ ਮੰਤਰਾਲੇ ਦੀਆਂ 6 ਟੀਮਾਂ ਵੱਲੋਂ ਮਾਰੇ ਗਏ ਛਾਪਿਆਂ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਯਮੁਨਾ ਨਗਰ ਦੇ ਪਲਾਈਵੁੱਡ ਉਦਯੋਗਾਂ ਵਿੱਚ ਸਬਸਿਡੀ ਵਾਲੀ ਯੂਰੀਆ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਗੈਰ ਕਾਨੂੰਨੀ ਹੈ। ਉਨ੍ਹਾਂ ਨੇ ਦੱਸਿਆ ਕਿ ਤਕਨੀਕੀ ਯੂਰੀਆਂ ਦੀ ਕੀਮਤ 4600 ਰੁਪਏ ਹੈ, ਜਦਕਿ ਸਬਸਿਡੀ ਵਾਲੀ ਖਾਦ ਮਾਤਰ 300 ਰੁਪਏ ਵਿੱਚ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪਲਾਈਵੁੱਡ ਫੈਕਟਰੀ ਦੇ ਸੰਚਾਲਕ ਝੂਠ ਬੋਲਦੇ ਹਨ ਅਤੇ ਉਹ ਖਾਦ ਵਿਕਰੇਤਾ ਦੀ ਮਿਲੀਭੁਗਤ ਨਾਲ ਤਕਨੀਕੀ ਯੂਰੀਆ ਦੇ ਜਾਅਲੀ ਬਿੱਲ ਤਿਆਰ ਕਰਦੇ ਹਨ। ਹੁਣ ਟੀਮਾਂ ਜਾਂਚ ਕਰਨਗੀਆਂ ਕਿ ਕਾਰੋਬਾਰੀ ਉਨ੍ਹਾਂ ਨੂੰ ਜੋ ਬਿੱਲ ਦਿਖਾ ਰਹੇ ਹਨ, ਉਹ ਸਹੀ ਹਨ ਜਾਂ ਨਹੀਂ।