ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਅਕਤੂਬਰ
ਸੈਂਟਰ ਫਾਰ ਟਰੇਡ ਯੂਨੀਅਨ ਪੰਜਾਬ ਦਾ ਇੱਕ ਜਥਾ ਅੱਜ ਸਿੰਘੂ ਮੋਰਚੇ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚਿਆ, ਜਿਨ੍ਹਾਂ ਨੇ ਮੁੱਖ ਸਟੇਜ ਤੱਕ ਮਾਰਚ ਕੱਢਿਆ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਇਹ ਜਥਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਦਿੱਲੀ ਆਇਆ ਹੈ ਅਤੇ ਕਿਸਾਨਾਂ ਦੇ ਸੰਘਰਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਸਮਰਥਨ ਦਿੱਤਾ। ਪੰਜਾਬ ਦੀਆਂ ਕਈ ਟਰੇਡ ਯੂਨੀਅਨਾਂ ਤੇ ਸਰਕਾਰੀ ਅਦਾਰਿਆਂ ਨਾਲ ਜੁੜੀਆਂ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਲਗਾਤਾਰ ਮੋਰਚਿਆਂ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਮੋਰਚੇ ਵੱਲੋਂ ਕਿਸਾਨਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਕਿ ਉਹ ਦਿੱਲੀ ਦੇ ਮੋਰਚਿਆਂ ਉਪਰ ਪੁੱਜਣ ਕਿਉਂਕਿ ਕੇਂਦਰ ਸਰਕਾਰ ਵੱਲੋਂ ਮਿਲੇ ਇਸ਼ਾਰੇ ਉੇਪਰ ਸੱਤਾਧਾਰੀ ਧਿਰਾਂ ਦੇ ਲੋਕਾਂ ਵੱਲੋਂ ਕੋਈ ਵੀ ਹਰਕਤ ਕੀਤੀ ਜਾ ਸਕਦੀ ਹੈ। ਜਮਹੂਰੀ ਕਿਸਾਨ ਸਭਾ ਦੇ ਆਗੂ ਵੀ ਇਸ ਮਾਰਚ ਵਿੱਚ ਸ਼ਾਮਲ ਹੋਏ ਤੇ ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਦੁਹਰਾਈ। ਆਗੂਆਂ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਹੀ ਸਿੰਘੂ ਬਾਰਡਰ ਉਪਰ ਪਹਿਲਾਂ ਰੋਕਾਂ ਲਾਈਆਂ ਤੇ ਇਸ ਦੇ ਕੁੱਝ ਘੰਟਿਆਂ ਮਗਰੋਂ ਹੀ ਗਾਜ਼ੀਪੁਰ ਤੇ ਟਿਕਰੀ ਮੋਰਚਿਆਂ ਉਪਰ ਰੋਕਾਂ ਲਾ ਦਿੱਤੀਆਂ ਸਨ। ਇੱਥੇ ਹੀ ਬੱਸ ਨਹੀਂ ਸਗੋਂ ਪਲਵਲ ਵਿੱਚ ਤੇ ਰਾਜਸਥਾਨ ਦੇ ਸ਼ਾਹਜਹਾਂਪੁਰ ਮੋਰਚੇ ਨੂੰ ਵੀ ਦਿੱਲੀ ਵਧਣ ਤੋਂ ਰੋਕਣ ਲਈ ਸਥਾਨਕ ਪੁਲੀਸ ਅਧਿਕਾਰੀਆਂ ਨੇ ਕੌਮੀ ਮਾਰਗਾਂ ਉਪਰ ਸਖ਼ਤ ਪਹਿਰਾ ਲਾ ਦਿੱਤਾ ਸੀ।
ਟਿਕਰੀ ਸਟੇਜ ’ਤੇ ਮਨਾਇਆ ਜਾਵੇਗਾ ਗ਼ਦਰ ਪਾਰਟੀ ਦਾ ਸਥਾਪਨਾ ਦਿਵਸ
ਅੱਜ ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦਿੱਲੀ ਦੀ ਮੀਟਿੰਗ ਬੀਕੇਯੂ ਲੱਖੋਵਾਲ ਦੇ ਸੂਬਾਈ ਆਗੂ ਪ੍ਰਸ਼ੋਤਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕੱਲ੍ਹ ਨੂੰ ਟਿਕਰੀ ਬਾਰਡਰ ਦੀ ਸਟੇਜ ’ਤੇ ਗ਼ਦਰ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਦੇਵ ਸਿੰਘ ਨਿਹਾਲਗੜ੍ਹ ਤੇ ਬਲਦੇਵ ਭਾਈਰੂਪਾ ਨੇ ਕਿਹਾ ਕੇ ਢਾਈ ਢਾਈ ਫੁੱਟ ਦੇ ਦੋ ਰਾਹ ਆਉਣ ਜਾਣ ਵਾਲੇ ਮਜ਼ਦੂਰਾਂ ਲਈ ਖੋਲ੍ਹੇ ਗਏ ਹਨ, ਉਨ੍ਹਾਂ ਕਿਹਾ ਕੇ ਪੂਰਾ ਰਾਹ ਖੋਲ੍ਹਣ ਦੀ ਆਗਿਆ ਨਹੀਂ ਹੋਵੇਗੀ ਕਿਉਂਕਿ ਲਖੀਮਪੁਰ ਖੀਰੀ ਵਾਲੀ ਘਟਨਾ ਮੁੜ ਵਾਪਰ ਸਕਦੀ ਹੈ। ਵੱਡੀਆਂ ਗੱਡੀਆਂ ਲਈ ਰਾਹ ਅਜੇ ਨਹੀਂ ਖੋਲ੍ਹਣ ਦਿੱਤਾ ਜਾਵੇਗਾ ਕਿਉਂਕਿ ਹਾਦਸਾ ਹੋਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਦਿੱਲੀ ਬਹਾਦਰਗੜ੍ਹ ਮਾਰਗ ਉੱਪਰ ਸਰਵਿਸ ਲੇਨ ਨਾ ਹੋਣ ਕਰਕੇ ਵਾਹਨਾਂ ਤੋਂ ਕਿਸਾਨਾਂ ਨੂੰ ਖ਼ਤਰਾ ਹੋ ਸਕਦਾ। ਇਸ ਮੌਕੇ ਬਿੰਦਰ ਗੋਲੇਵਾਲਾ ਅਤੇ ਜਸਪਾਲ ਕਲਾਲ ਮਾਜਰਾ ਨੇ ਮੋਰਚਾ ਖਾਲੀ ਕਰਵਾਉਣ ਵਰਗੀਆਂ ਅਫਵਾਹਾਂ ਦਾ ਖੰਡਨ ਕਰਦਿਆਂ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਉਹ ਸੱਤਾਧਾਰੀਆਂ ਦੀਆਂ ਹਰਕਤਾਂ ਤੋਂ ਸੁਚੇਤ ਰਹਿਣ। ਇਸ ਮੌਕੇ ਕਾਮਰੇਡ ਸਤਵੰਤ ਸਿੰਘ ਖੰਡੇਬਾਦ ਨੇ ਸ਼ਾਨਦਾਰ ਸੇਵਾਵਾਂ ਬਦਲੇ ਟਿਕਰੀ ਬਾਰਡਰ ਦੀ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ।