ਪੱਤਰ ਪ੍ਰੇਰਕ
ਜੀਂਦ, 13 ਜੂਨ
ਪਿੰਡ ਕੰਡੇਲਾ ਵਿੱਚੋਂ 24 ਜਨਵਰੀ ਤੋਂ ਲਾਪਤਾ ਹੋਏ ਨੌਜਵਾਨ (27) ਦਾ ਮਾਮਲਾ ਭਖ ਗਿਆ ਹੈ। ਜਾਣਕਾਰੀ ਮੁਤਾਬਿਕ ਪੁਲੀਸ ਨੂੰ ਨੌਜਵਾਨ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ, ਜਿਸ ਕਾਰਨ ਪਿੰਡ ਦੇ ਲੋਕ ਲਾਪਤਾ ਵਜਿੰਦਰ ਦਾ ਪਤਾ ਲਾਉਣ ਲਈ ਸ਼ਹਿਰ ਦੀਆਂ ਸੜਕਾਂ ’ਤੇ ਉਤਰ ਆਏ ਹਨ। ਇਸ ਦੌਰਾਨ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਆਦਿੱਤਿਆ ਦਹੀਆ ਨੂੰ ਇਕ ਮੰਗ ਪੱਤਰ ਸੌਂਪਿਆ, ਜਿਸ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਾਪਤਾ ਵਜਿੰਦਰ ਦੀ ਭਾਲ ਲਈ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਇਕ ਹਫ਼ਤੇ ਵਿੱਚ ਲਾਪਤਾ ਦਾ ਪਤਾ ਨਾ ਲਗਾਇਆ ਗਿਆ ਤਾਂ ਫਿਰ ਸੜਕਾਂ ’ਤੇ ਚੱਕਾ ਜਾਮ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
ਜ਼ਿਕਰਯੋਗ ਹੈ ਕਿ ਜੀਂਦ-ਕੈਥਲ ਮਾਰਗ ’ਤੇ ਸਥਿਤ ਕੰਡੇਲਾ ਵਾਸੀ 27 ਸਾਲਾ ਵਜਿੰਦਰ 24 ਜਨਵਰੀ ਨੂੰ ਆਪਣੇ ਘਰ ਤੋਂ ਦਿੱਲੀ ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਗਿਆ ਸੀ, ਉਸ ਮਗਰੋਂ ਅੱਜ ਤੱਕ ਉਸ ਦਾ ਕੋਈ ਪਤਾ ਨਹੀਂ ਹੈ। ਉਸ ਦੀ ਮਾਂ ਸੰਤੋਸ਼ ਆਪਣੇ ਪੁੱਤਰ ਦੇ ਗਮ ਵਿੱਚ ਡੁੱਬੀ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਖੁਦ ਵਜਿੰਦਰ ਦੇ ਘਰ ਜਾ ਕੇ ਉਸ ਦੀ ਮਾਤਾ ਸੰਤੋਸ਼ ਨੂੰ ਮਿਲ ਚੁੱਕੇ ਹਨ। ਨੌਜਵਾਨ ਨੂੰ ਲੈ ਕੇ ਕੰਡੇਲਾ ਵਾਸੀਆਂ ਦਾ ਸਬਰ ਹੁਣ ਜਵਾਬ ਦੇਣ ਲੱਗਾ ਹੈ ਤੇ ਉਹ ਅੱਜ ਉਸ ਦਾ ਪਤਾ ਲਗਾਉਣ ਲਈ ਟ੍ਰੈਕਟਰ ਟਰਾਲੀਆਂ ਵਿੱਚ ਸਵਾਰ ਹੋ ਕੇ ਜੀਂਦ ਪਹੁੰਚੇ। ਇਨ੍ਹਾਂ ਵਿੱਚ ਜ਼ਿਆਦਾ ਗਿਣਤੀ ਔਰਤਾਂ ਦੀ ਸੀ। ਇਸ ਦੌਰਾਨ ਪਿੰਡ ਵਾਸੀਆਂ ਨੇ ਡੀਸੀ ਦਫ਼ਤਰ ਵਿੱਚ ਪਹੁੰਚ ਕੇ ਡੀਸੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜਤਾਉਂਦਿਆਂ ਲੋਕਾਂ ਨੇ ਕਿਹਾ ਕਿ ਸਾਢੇ ਚਾਰ ਮਹੀਨੇ ਬੀਤਣ ਮਗਰੋਂ ਵੀ ਪ੍ਰਸ਼ਾਸਨ ਨੇ ਵਜਿੰਦਰ ਦਾ ਕੋਈ ਪਤਾ ਨਹੀਂ ਲਗਾਇਆ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਇਸ ਮੌਕੇ ਉਨ੍ਹਾਂ ਨੇ ਡੀਸੀ ਨੂੰ ਮੁੱਖ ਮੰਤਰੀ ਦੇ ਨਾਮ ਇਕ ਮੰਗ ਪੱਤਰ ਵੀ ਸੌਂਪਿਆ, ਜਿਸ ਇਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਚੱਕਾ ਜਾਮ ਕਰਨ ਦੀ ਚਿਤਾਵਨੀ ਦਿੱਤੀ। ਇਸ ਦੌਰਾਨ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਉਸ ਦੇ ਸਾਥੀਆਂ ਨੇ ਵਜਿੰਦਰ ਨੂੰ 26 ਜਨਵਰੀ ਵਾਲੇ ਦਿਨ ਨਾਂਗਲੋਈ ਦੇ ਕੋਲ ਵੇਖਿਆ ਸੀ।