ਪੱਤਰ ਪ੍ਰੇਰਕ
ਜੀਂਦ, 8 ਜਨਵਰੀ
ਉਚਾਨਾ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਕੌਮੀ ਰਾਜ ਮਾਰਗ, ਲਿੰਕ ਮਾਰਗਾਂ ’ਤੇ ਟਰੈਕਟਰ ਮਾਰਚ ਕੱਢਿਆ। ਟਰੈਕਟਰ ਮਾਰਚ ਕੱਢਦੇ ਹੋਏ ਕਿਸਾਨਾਂ ਨੇ ਕਿਹਾ ਕਿ ਅਜੇ ਤਾਂ ਇਹ ਟਰੈਕਟਰ ਮਾਰਚ ਝਾਕੀ ਹੈ, 26 ਜਨਵਰੀ ਤਾਂ ਹਲੇ ਦੂਰ ਹੈ। ਨਗੂਰਾਂ ਪਿੰਡ ਦੇ ਕਿਸਾਨ ਜੀਂਦ ਦੇ ਬਾਈਪਾਸ ਤੋਂ ਹੁੰਦੇ ਹੋਏ ਵੱਡੇ ਕਾਫਲੇ ਨਾਲ ਖਟਕੜ ਟੌਲ ’ਤੇ ਪਹੁੰਚੇ, ਜਿੱਥੋਂ ਉਹ ਖਟਕੜ, ਬੜੋਦਾ, ਉਚਾਨਾ ਕਲਾਂ, ਕਰਸਿੰਧੂ ਤੇ ਛਾਤਰ ਦੇ ਰਸਤੇ ਹੁੰਦੇ ਹੋਏ ਨਗੂਰਾਂ ਪਹੁੰਚੇ। ਇਸ ਤੋਂ ਇਲਾਵਾ ਉਚਾਨਾ ਅਤੇ ਸੁਦਕੈਨ ਕਲਾਂ ਤੋਂ ਵੀ ਟਰੈਕਟਰਾਂ ਨਾਲ ਕਿਸਾਨਾਂ ਦਾ ਜਥਾ ਖਟਕੜ ਟੌਲ ਉੱਤੇ ਪਹੁੰਚਿਆ। ਕਿਸਾਨ ਕੁਲਦੀਪ ਸ਼ਰਮਾ, ਵਰਿੰਦਰ ਅਤੇ ਅਨੂਪ ਨੇ ਕਿਹਾ ਕਿ ਸਰਕਾਰ ਸੋਚ ਰਹੀ ਸੀ ਕਿ ਲੰਬਾ ਅੰਦੋਲਨ ਚੱਲੇਗਾ ਤਾਂ ਅੰਦੋਲਨ ਸਫ਼ਲ ਨਹੀਂ ਹੋਵੇਗਾ ਪਰ ਕਿਸਾਨ ਆਪਣੀ ਹੱਕ ਦੀ ਲੜਾਈ ਲੜਨ ਦਾ ਮਨ ਬਣਾ ਚੁੱਕੇ ਹਨ, ਚਾਹੇ ਅੰਦੋਲਨ ਪੂਰਾ ਸਾਲ ਕਿਉਂ ਨਾ ਚੱਲੇ। ਉਹ ਆਪਣੇ ਹੱਕ ਦੀ ਲੜਾਈ ਲਈ ਦਿੱਲੀ ਦੇ ਬਾਰਡਰਾਂ ਉੱਤੇ ਅੜੇ ਰਹਿਣਗੇ। ਅੰਦੋਲਨ ਉੱਤੇ ਕਿਸਾਨ ਜੋਸ਼ੀਲੇ ਗਾਣਿਆਂ ਨਾਲ ਪਹੁੰਚ ਰਹੇ ਹਨ ਤਾਂ ਜੋ ਕਿਸਾਨਾਂ ਵਿੱਚ ਜੋਸ਼ ਭਰਿਆ ਜਾ ਸਕੇ।