ਰਤਨ ਸਿੰਘ ਢਿੱਲੋਂ
ਅੰਬਾਲਾ, 21 ਅਕਤੂਬਰ
ਥਾਣੇ ਵਿੱਚ ਤਸ਼ੱਦਦ ਤੋਂ ਬਾਅਦ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਕਰੀਬ 11 ਮਹੀਨਿਆਂ ਬਾਅਦ ਅਦਾਲਤ ਦੇ ਹੁਕਮਾਂ ’ਤੇ ਏਐੱਸਆਈ ਰਿਸ਼ੀਪਾਲ, ਸਮਲੇਹੜੀ ਪਿੰਡ ਦੇ ਕਾਲਾ ਨੰਬਰਦਾਰ, ਸ਼ੀਲਾ ਫ਼ੌਜੀ ਉਰਫ਼ ਵੇਦ ਵਿਆਸ ਅਤੇ ਅਮਿਤ ਰਾਣਾ ਖ਼ਿਲਾਫ਼ ਧਾਰਾ 120ਬੀ ਤੇ 304 ਤਹਿਤ ਕੇਸ ਦਰਜ ਕਰ ਲਿਆ ਹੈ। ਸਾਹਾ ਥਾਣੇ ਵਿਚ ਤਾਇਨਾਤ ਰਹੇ ਏਐੱਸਆਈ ਰਿਸ਼ੀਪਾਲ ’ਤੇ ਦੋਸ਼ ਹੈ ਕਿ ਉਸ ਨੇ ਸਮਲੇਹੜੀ ਪਿੰਡ ਦੇ ਕੁਝ ਲੋਕਾਂ ਨਾਲ ਮਿਲੀਭੁਗਤ ਕਰਕੇ ਨੌਜਵਾਨ ’ਤੇ ਇੰਨਾ ਤਸ਼ੱਦਦ ਕੀਤਾ ਕਿ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਮਾਤਾ ਫੂਲੋ ਦੇਵੀ ਪਤਨੀ ਫੂਲ ਚੰਦ ਦਾ ਕਹਿਣਾ ਹੈ ਕਿ 29 ਦਸੰਬਰ 2021 ਨੂੰ ਪਿੰਡ ਦੇ ਸ਼ੀਲਾ ਫ਼ੌਜੀ ਉਰਫ਼ ਵੇਦ ਵਿਆਸ ਅਤੇ ਕਾਲਾ ਨੰਬਰਦਾਰ ਨੇ ਮਿਲੀਭੁਗਤ ਕਰ ਕੇ ਉਸ ਦੇ ਬੇਟੇ ਪਵਨ ਕੁਮਾਰ ਖ਼ਿਲਾਫ਼ ਸਾਹਾ ਥਾਣੇ ਵਿੱਚ ਚੋਰੀ ਦੀ ਝੂਠੀ ਸ਼ਿਕਾਇਤ ਦਿੱਤੀ ਸੀ। ਸਾਹਾ ਥਾਣੇ ਦਾ ਏਐੱਸਆਈ ਰਿਸ਼ੀਪਾਲ ਉਸ ਦੇ ਬੇਟੇ ਨੂੰ ਜਬਰਦਸਤੀ ਥਾਣੇ ਲੈ ਗਿਆ ਸੀ ਜਿੱਥੇ ਉਸ ਨੇ ਬਿਨਾਂ ਗ੍ਰਿਫ਼ਤਾਰੀ ਦਿਖਾਏ ਉਸ ਦੇ ਬੇਟੇ ’ਤੇ 2 ਦਿਨ ਤਸ਼ੱਦਦ ਕੀਤਾ। ਰਾਤ ਸਾਢੇ 9 ਵਜੇ ਉਸ ਦਾ ਛੋਟਾ ਲੜਕਾ ਪਿੰਡ ਦੇ ਸਰਪੰਚ ਨਾਲ ਥਾਣੇ ਗਿਆ ਜਿੱਥੇ ਸਰਪੰਚ ਦੇ ਕਹਿਣ ’ਤੇ ਰਿਸ਼ੀਪਾਲ ਨੇ ਅਗਲੇ ਦਿਨ ਸਵੇਰੇ 9 ਵਜੇ ਤੱਕ ਪੇਸ਼ ਕਰਨ ਦੀ ਸ਼ਰਤ ਰੱਖ ਕੇ ਪਵਨ ਨੂੰ ਰਿਹਾਅ ਕਰ ਦਿੱਤਾ। ਘਰ ਆ ਕੇ ਪਵਨ ਨੇ ਦੱਸਿਆ ਕਿ ਏਐੱਸਆਈ ਰਿਸ਼ੀਪਾਲ ਨੇ ਸ਼ੀਲਾ ਫ਼ੌਜੀ ਤੇ ਕਾਲਾ ਨੰਬਰਦਾਰ ਦੇ ਸਾਹਮਣੇ ਉਸ ਦੀ ਕੁੱਟਮਾਰ ਕੀਤੀ। ਪਵਨ ਦੀ ਤਬੀਅਤ ਵਿਗੜਦੀ ਦੇਖ ਕੇ ਮੁਲਜ਼ਮ ਪੁਲੀਸ ਮੁਲਾਜ਼ਮ ਨੇ ਉਸ ਦੇ ਬੇਟੇ ਨੂੰ ਥਾਣੇ ਵਿੱਚੋਂ ਲੈ ਜਾਣ ਦਾ ਮੈਸੇਜ ਭੇਜਿਆ ਅਤੇ ਜਦੋਂ ਉਹ ਪਿੰਡ ਦੇ ਮੋਹਤਬਰ ਲੋਕਾਂ ਨਾਲ ਪਵਨ ਨੂੰ ਥਾਣਿਓਂ ਲੈਣ ਲਈ ਗਏ ਤਾਂ ਉਸ ਕੋਲੋਂ ਚੱਲਿਆ ਵੀ ਨਹੀਂ ਸੀ ਜਾ ਰਿਹਾ। ਇਕ ਜਨਵਰੀ 2022 ਨੂੰ ਤਬੀਅਤ ਬਹੁਤ ਵਿਗੜ ਜਾਣ ਕਰਕੇ ਪਵਨ ਦੀ ਮੌਤ ਹੋ ਗਈ। ਸਾਹਾ ਥਾਣੇ ਦੇ ਐੱਸਐੱਚਓ ਯਸ਼ਦੀਪ ਸਿੰਘ ਨੇ ਦੱਸਿਆ ਕਿ 2 ਜਨਵਰੀ 2022 ਨੂੰ ਡੀਡੀਆਰ ਦਰਜ ਕੀਤੀ ਗਈ ਸੀ। ਹੁਣ ਅਦਾਲਤ ਦੇ ਹੁਕਮਾਂ ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।