ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 14 ਅਗਸਤ
ਇੱਥੇ ਅੱਜ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਢਿੱਲੋਂ ਵੱਲੋਂ ਆਜ਼ਾਦੀ ਕਾ ਅੰਮ੍ਰਿਤਮਹੋਤਸਵ ਮਨਾਉਣ ਲਈ ਸਫ਼ਾਈ ਕਰਮਚਾਰੀਆਂ ਦੀ ਤਿਰੰਗਾ ਰੈਲੀ ਨੂੰ ‘ਸਫ਼ਾਈ ਮਿੱਤਰ ਸੁਰੱਖਿਆ ਸ਼ਹਿਰ’ ਥੀਮ ਹੇਠ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਸੈਕਟਰ 16 ਦੇ ਮਟਕਾ ਚੌਕ ਤੋਂ ਸ਼ੁਰੂ ਹੋ ਕੇ ਸੈਕਟਰ 22/35 ਦੇ ਚੌਕ ’ਤੇ ਜਾ ਕੇ ਸਮਾਪਤ ਹੋਈ।
ਇਸ ਦੌਰਾਨ ਸੰਬੋਧਨ ਕਰਦਿਆਂ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਸਫ਼ਾਈ ਮਿੱਤਰ ਅਤੇ ਸਫ਼ਾਈ ਕਰਮਚਾਰੀ ਨਗਰ ਨਿਗਮ ਦੇ ਅਸਲ ਹੀਰੋ ਹਨ ਅਤੇ ਉਨ੍ਹਾਂ ਦੇ ਸੁਹਿਰਦ ਯਤਨਾਂ ਨਾਲ ਹੀ ਸ਼ਹਿਰ ਬਹੁਤ ਸਾਫ਼ ਸੁਥਰਾ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਰਾਹੀਂ ਸ਼ਹਿਰੀਆਂ ਨੂੰ ਸੁਨੇਹਾ ਦਿੱਤਾ ਗਿਆ ਕਿ ਨਗਰ ਨਿਗਮ ਚੰਡੀਗੜ੍ਹ ਦੇ ਸਫ਼ਾਈ ਸੇਵਕਾਂ ਅਤੇ ਸਫ਼ਾਈ ਕਰਮਚਾਰੀਆਂ ਨੇ ਸੀਵਰੇਜ ਸਿਸਟਮ ਨੂੰ ਦਰੁਸਤ ਰੱਖਣ ਅਤੇ ਸੜਕਾਂ ਦੀ ਸਫ਼ਾਈ ਲਈ ਮਸ਼ੀਨੀ ਸਫ਼ਾਈ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਚੰਡੀਗੜ੍ਹ ਪੂਰੀ ਤਰ੍ਹਾਂ ‘ਸਫ਼ਾਈ ਮਿੱਤਰ ਸੁਰੱਖਿਆ ਸ਼ਹਿਰ’ ਬਣ ਗਿਆ ਹੈ। ਇਸ ਯਾਤਰਾ ਦੌਰਾਨ ਨਗਰ ਨਿਗਮ ਦੇ ਲਗਪਗ 200 ਸਫ਼ਾਈ ਮਿੱਤਰਾਂ ਅਤੇ ਸਫ਼ਾਈ ਕਰਮਚਾਰੀਆਂ ਨੇ ਸਵਾ ਤਿੰਨ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਪੈਦਲ ਰੈਲੀ ਵਿੱਚ ਹਿੱਸਾ ਲਿਆ। ਇਸ ਦੌਰਾਨ ਰੈਲੀ ਵਿੱਚ ‘ਵੰਦੇ ਮਾਤਰਮ’ ਦੇ ਨਾਅਰਿਆਂ ਨਾਲ ਮਾਹੌਲ ਗੂੰਜਿਆ। ਰੈਲੀ ਦੌਰਾਨ ਸਫ਼ਾਈ ਕਾਰਜਾਂ ਦੌਰਾਨ ਵਰਤੇ ਜਾਣ ਵਾਲੇ ਵਾਹਨ, ਉਪਕਰਨ, ਸੁਰੱਖਿਆ ਉਪਕਰਨ ਆਦਿ ਪ੍ਰਦਰਸ਼ਿਤ ਕੀਤੇ ਗਏ।