ਸਰਬਜੋਤ ਸਿੰਘ ਦੁੱਗਲ
ਕਰਨਾਲ/ਸੋਨੀਪਤ, 23 ਜੂਨ
ਸੋਨੀਪਤ ਵਿੱਚ ਵਾਪਰੇ ਇੱਕ ਹਾਦਸੇ ਦੌਰਾਨ ਕਾਰ ਸਵਾਰ ਤਿੰਨ ਐੱਮਬੀਬੀਐੱਸ ਵਿਦਿਆਰਥੀ ਜਿਊਂਦੇ ਸੜ ਗਏ, ਜਦ ਕਿ ਤਿੰਨ ਹੋਰ ਵਿਦਿਆਰਥੀ ਬੁਰੀ ਤਰ੍ਹਾਂ ਝੁਲਸ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਪੀਜੀਆਈ ਰੋਹਤਕ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਨਾਰਨੌਲ ਨਿਵਾਸੀ ਪੁਲਕਿਤ ਅਤੇ ਨਰਬੀਰ, ਰੇਵਾੜੀ ਨਿਵਾਸੀ ਸੰਦੇਸ਼, ਗੁਰੂਗ੍ਰਾਮ ਨਿਵਾਸੀ ਰੋਹਿਤ, ਰੋਹਤਕ ਨਿਵਾਸੀ ਅੰਕਿਤ, ਕਲਾਨੌਰ ਨਿਵਾਸੀ ਸੋਮਬੀਰ ਪੀਜੀਆਈ ਰੋਹਤਕ ਵਿੱਚ ਐੱਮਬੀਬੀਐੱਸ ਕਰ ਰਹੇ ਹਨ। ਉਹ ਵੀਰਵਾਰ ਸਵੇਰੇ ਆਈ-20 ਕਾਰ ’ਚ ਰੋਹਤਕ ਤੋਂ ਹਰਿਦੁਆਰ ਲਈ ਰਵਾਨਾ ਹੋਏ ਸਨ। ਜਦੋਂ ਉਨ੍ਹਾਂ ਦੀ ਕਾਰ ਬਹਿਲਗੜ੍ਹ ਪੁਲ ਨੇੜੇ ਪੁੱਜੀ ਤਾਂ ਕਾਰ ਚਾਲਕ ਨੂੰ ਸੜਕ ’ਤੇ ਬੈਰੀਕੇਡ ਨਜ਼ਰ ਨਹੀਂ ਆਏ ਤੇ ਤੇਜ਼ ਰਫਤਾਰ ਕਾਰ ਬੈਰੀਕੇਡ ਨਾਲ ਟਕਰਾ ਗਈ। ਇਸ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਵਿਦਿਆਰਥੀ ਬਾਹਰ ਨਹੀਂ ਨਿਕਲ ਸਕੇ। ਸਵੇਰ ਦਾ ਸਮਾਂ ਹੋਣ ਕਾਰਨ ਸੜਕ ’ਤੇ ਆਵਾਜਾਈ ਘੱਟ ਸੀ ਤੇ ਕਾਰ ’ਚ ਫਸੇ ਵਿਦਿਆਰਥੀਆਂ ਨੂੰ ਤੁਰੰਤ ਮਦਦ ਨਹੀਂ ਮਿਲ ਸਕੀ। ਕੁਝ ਦੇਰ ਬਾਅਦ ਉੱਥੋਂ ਲੰਘ ਰਹੇ ਰਾਹਗੀਰਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ। ਉਦੋਂ ਤੱਕ ਕਾਰ ਵਿੱਚ ਸਵਾਰ 3 ਵਿਦਿਆਰਥੀ ਪੁਲਕਿਤ, ਸੰਦੇਸ਼ ਅਤੇ ਰੋਹਿਤ ਦੀ ਸੜਨ ਕਾਰਨ ਮੌਤ ਹੋ ਚੁੱਕੀ ਸੀ ਪਰ ਤਿੰਨ ਹੋਰ ਵਿਦਿਆਰਥੀ ਅੰਕਿਤ, ਸੋਮਬੀਰ ਅਤੇ ਨਰਬੀਰ ਨੂੰ ਬਾਹਰ ਕੱਢ ਲਿਆ ਜੋ ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ ਨੂੰ ਪੀਜੀਆਈ ਰੋਹਤਕ ਦਾਖ਼ਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿੰਡ ਰਾਏ ਨੇੜੇ ਐੱਨਐੱਚ-334 ਬੀ ਦੇ ਫਲਾਈਓਵਰ ਨੂੰ ਪੱਥਰ ਦੇ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ। ਫਲਾਈਓਵਰ ਦੇ ਹੇਠਾਂ ਤੋਂ ਅੱਗੇ ਇੱਕ ਰਸਤਾ ਹੈ। ਕਾਰ ਵਿੱਚ ਸਵਾਰ ਵਿਦਿਆਰਥੀਆਂ ਨੂੰ ਸੜਕ ਬੰਦ ਹੋਣ ਦਾ ਪਤਾ ਨਹੀਂ ਸੀ। ਅਚਾਨਕ ਉਨ੍ਹਾਂ ਦੀ ਕਾਰ ਸੜਕ ’ਤੇ ਰੱਖੇ ਬੈਰੀਕੇਡ ਨਾਲ ਟਕਰਾ ਗਈ। ਕੁਝ ਹੀ ਦੇਰ ਵਿੱਚ ਕਾਰ ਨੂੰ ਅੱਗ ਲੱਗ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਸੋਨੀਪਤ ਦੇ ਸਿਵਲ ਹਸਪਤਾਲ ਭਿਜਵਾਇਆ। ਫਿਲਹਾਲ ਪੁਲੀਸ ਹਾਦਸੇ ਦੀ ਜਾਂਚ ਕਰ ਰਹੀ ਹੈ।