ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 18 ਜੁਲਾਈ
ਇਥੋਂ ਦੀ ਪੁਲੀਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਤਿੰਨ ਵੱਖ-ਵੱਖ ਮਾਮਲਿਆਂ ਵਿਚ ਤਿੰਨ ਦੇਸੀ ਕੱਟੇ ਇਕ-ਇਕ ਰੌਂਦ ਸਮੇਤ ਬਰਾਮਦ ਹੋਏ ਹਨ। ਥਾਣਾ ਅੰਬਾਲਾ ਸ਼ਹਿਰ ਪੁਲੀਸ ਨੇ ਅੱਜ ਸਵੇਰੇ ਕਾਲਕਾ ਚੌਕ ਕੋਲ ਪੈਦਲ ਜਾ ਰਹੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ ਦੇਸੀ ਕੱਟਾ 315 ਬੋਰ ਅਤੇ ਉਸ ਵਿਚੋਂ ਇਕ ਜ਼ਿੰਦਾ ਰੌਂਦ ਬਰਾਮਦ ਹੋਏ। ਨੌਜਵਾਨ ਦੀ ਪਹਿਚਾਣ ਰਾਹੁਲ ਉਰਫ਼ ਨਾਹਰ ਪੁੱਤਰ ਮੰਗਲੂ ਵਾਸੀ ਡੇਹਾ ਕਾਲੋਨੀ ਅੰਬਾਲਾ ਸ਼ਹਿਰ ਵਜੋਂ ਹੋਈ ਹੈ। ਇਸੇ ਤਰ੍ਹਾਂ ਸੀਆਈਏ-1 ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸਵੇਰੇ ਡੀਆਰਐਮ ਦਫ਼ਤਰ ਨੇੜੇ ਹਰਜੀਤ ਸਿੰਘ ਉਰਫ਼ ਗੁੱਡੂ ਪੁੱਤਰ ਰਵਿੰਦਰ ਸਿੰਘ ਵਾਸੀ ਰਾਮ ਕਿਸ਼ਨ ਕਾਲੋਨੀ ਹਾਲ ਨੇੜੇ ਬਲਦੇਵ ਨਗਰ ਕੋਲੋਂ ਦੇਸੀ ਪਿਸਤੌਲ ਦੀ ਮੈਗਜ਼ੀਨ ਵਿਚੋਂ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ। ਥਾਣਾ ਸੈਕਟਰ-10 ਪੁਲੀਸ ਨੇ ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ ਦੇ ਅਧਾਰ ’ਤੇ ਸਪੋਰਟਸ ਸਟੇਡੀਅਮ ਰੋਡ ’ਤੇ ਨਾਕਾ ਲਾ ਕੇ ਜਦੋਂ ਚੈੱਕਿੰਗ ਸ਼ੁਰੂ ਕੀਤੀ ਤਾਂ ਰਵੀ ਕੁਮਾਰ ਪੁੱਤਰ ਬਿੱਦੀ ਪਿੰਡ ਰਾਮਚਰਨਪੁਰਾ ਜ਼ਿਲ੍ਹਾ ਗੌਂਡਾ (ਯੂਪੀ) ਦੀ ਤਲਾਸ਼ੀ ਲੈਣ ’ਤੇ ਦੇਸੀ ਕੱਟਾ 315 ਬੋਰ ਬਰਾਮਦ ਹੋਇਆ।