ਨਿੱਜੀ ਪੱਤਰ ਪ੍ਰੇਰਕ
ਸਿਰਸਾ, 30 ਮਾਰਚ
ਇਥੋਂ ਦੀ ਪੁਲੀਸ ਨੇ ਤਿੰਨ ਰੋਡਵੇਜ਼ ਕਰਮਚਾਰੀ ਯੂਨੀਅਨ ਦੇ ਆਗੂ ਨੂੰ ਕਥਿਤ ਤੌਰ ’ਤੇ ਹੜਤਾਲ ਵਿੱਚ ਸ਼ਾਮਲ ਨਾ ਹੋਣ ’ਤੇ ਦੋ ਰੋਡਵੇਜ ਮੁਲਾਜ਼ਮਾਂ ਦੇ ਮਾਣ-ਸਨਮਾਣ ਨੂੰ ਠੇਸ ਪਹੁੰਚਾਏ ਜਾਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਨੇਤਾਵਾਂ ਦੀ ਪਛਾਣ ਰਾਮ ਕੁਮਾਰ ਚੁਨਰੀਆ, ਚਿਮਨ ਲਾਲ ਅਤੇ ਸੀਤਾ ਰਾਮ ਵਜੋਂ ਕੀਤੀ ਗਈ ਹੈ। ਕਰਮਚਾਰੀ ਨੇਤਾਵਾਂ ਨੇ ਦਰਜ ਮੁਕੱਦਮੇ ਨੂੰ ਝੂਠਾ ਕਰਾਰ ਦਿੱਤਾ ਹੈ। ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਖੋਥ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਝੂਠਾ ਕੇਸ ਦਰਜ ਕਰਕੇ ਰੋਡਵੇਜ਼ ਦੇ ਤਿੰਨ ਕਰਮਚਾਰੀ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਕੇਂਦਰ ਟਰੇਡ ਯੂਨੀਅਨ ਦੇ ਸੱਦੇ ’ਤੇ ਕੀਤੀ ਗਈ ਦੋ ਰੋਜ਼ਾ ਹੜਤਾਲ ’ਚ ਬਿਨਾਂ ਕਿਸੇ ਦਬਾਅ ਦੇ ਹਜ਼ਾਰਾਂ ਕਰਮਚਾਰੀ ਸ਼ਾਮਲ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਹੜਤਾਲ ਦੀ ਸਫ਼ਲਤਾ ਨੂੰ ਵੇਖ ਕੇ ਕੁਝ ਲੋਕਾਂ ਨੇ ਕਰਮਚਾਰੀਆਂ ਉੱਤੇ ਝੂਠਾ ਪਰਚਾ ਦਰਜ ਕਰਵਾਇਆ ਹੈ ਜਦੋਂਕਿ ਕਰਮਚਾਰੀਆਂ ਨੇਤਾਵਾਂ ਦਾ ਕਿਸੇ ਵੀ ਕਰਮਚਾਰੀ ’ਤੇ ਹੜਤਾਲ ਵਿੱਚ ਸ਼ਾਮਲ ਹੋਣ ਦਾ ਕੋਈ ਦਬਾਅ ਨਹੀਂ ਬਣਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਜੋ ਨੇਤਾਵਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ, ਉਹ ਮਨਘੜਤ ਹੈ।