ਨਿੱਜੀ ਪੱਤਰ ਪ੍ਰੇਰਕ
ਸਿਰਸਾ, 22 ਜੂਨ
ਇਥੋਂ ਵੱਖ-ਵੱਖ ਥਾਵਾਂ ਤੋਂ ਤਿੰਨ ਲੜਕੀਆਂ ਤੇ ਇਕ ਵਿਆਹੁਤਾ ਭੇਤਭਰੀ ਹਾਲਤ ’ਚ ਘਰੋਂ ਲਾਪਤਾ ਹੋ ਗਈਆਂ। ਪੁਲੀਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਲਾਪਤਾ ਲੜਕੀਆਂ ਤੇ ਮਹਿਲਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਚਤਰਗੜ੍ਹ ਪੱਟੀ ਵਾਸੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਲੜਕੀ ਬੀਤੀ 19 ਜੂਨ ਨੂੰ ਅਚਾਨਕ ਘਰੋਂ ਲਾਪਤਾ ਹੋ ਗਈ। ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਿਆ। ਦੂਜੇ ਮਾਮਲੇ ਵਿੱਚ ਸ਼ਕਤੀਨਗਰ ਵਾਸੀ ਵਿਅਕਤੀ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਬੀਤੀ ਰਾਤ ਉਸ ਦੀ ਪਤਨੀ ਘਰੋਂ ਬਾਹਰ ਗਈ ਸੀ ਪਰ ਵਾਪਸ ਨਹੀਂ ਆਈ। ਇਸੇ ਤਰ੍ਹਾਂ ਲਖੀਤਲਾਬ ਵਾਸੀ ਇਕ ਵਿਅਕਤੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਨ੍ਹਾਂ ਦੀ ਲੜਕੀ ਕਿਸੇ ਕੰਮ ਲਈ ਘਰੋਂ ਬਾਹਰ ਗਈ ਸੀ ਪਰ ਮੁੜ ਕੇ ਘਰ ਨਹੀਂ ਪਰਤੀ। ਚੌਥੇ ਮਾਮਲੇ ਵਿੱਚ ਪਿੰਡ ਭੰਗੂ ਵਾਸੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਲੜਕੀ ਘਰੋਂ ਬਾਹਰ ਕਿਸੇ ਕੰਮ ਗਈ ਸੀ ਪਰ ਮੁੜ ਕੇ ਘਰ ਨਹੀਂ ਪਰਤੀ। ਪੁਲੀਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਲਾਪਤਾ ਹੋਈਆਂ ਲੜਕੀਆਂ ਤੇ ਮਹਿਲਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।